ਕੱਤਣੀ 'ਚ ਰੋਣ ਪੂਣੀਆਂ, ਤੰਦ ਤੱਕਲੇ ਤੇ ਰੋਣ ਵਿਚਾਰੇ,
ਕੱਤਣੀ 'ਚ ਰੋਣ ਪੂਣੀਆਂ।
1.
ਸਰਹੁੰਆਂ ਨੂੰ ਫੁੱਲ ਲਗ ਗਏ, ਵੇ ਮੈਂ ਤਿੱਤਲੀ ਬਣ ਕੇ ਆਵਾਂ।
ਇਕ ਵਾਰੀ ਮਿਲ ਸੱਜਣਾ, ਤੇਰੇ ਗਮ ਵਿਚ ਮਰਦੀ ਜਾਵਾਂ।
ਵੇ ਗੱਡੀ ਜਦੋਂ ਚੀਕ ਮਾਰਦੀ, ਮੈਂ ਭੱਜ ਕੇ ਚੜ੍ਹਾਂ ਚੁਬਾਰੇ।
ਕੱਤਣੀ 'ਚ ਰੋਣ ਪੂਣੀਆਂ, ਤੰਦ ਤੱਕਲੇ ਤੇ ਰੋਣ ਵਿਚਾਰੇ।------
2.
ਨੀਂ ਭਾਬੀ ਤੇਰੀ ਗੱਲ੍ਹ ਵਰਗਾ, ਮੈਂ ਬੇਰੀਆਂ 'ਚੋਂ ਬੇਰ ਲਿਆਂਦਾ।
ਨੀਂ ਖੂਹ ਉਤੋਂ ਮੈਂ ਵੇਖਿਆ, ਵੀਰਾ ਚੜ੍ਹ ਬੋਤੇ ਤੇ ਜਾਂਦਾ।
ਟਿੱਬਿਆਂ ਨੂੰ ਜਾਣ ਵਾਲੀਏ, ਗੱਲ ਸੁਣ ਜਾ ਮੇਰੀ ਮੁਟਿਆਰੇ।
ਕੱਤਣੀ 'ਚ ਰੋਣ ਪੂਣੀਆਂ, ਤੰਦ ਤੱਕਲੇ ਤੇ ਰੋਣ ਵਿਚਾਰੇ।---------
3.
ਨੀਂ ਉਤੇ ਲੈ ਕੇ ਲਾਲ ਡੋਰੀਆ, ਤੇਰਾ ਘੱਗਰਾ ਹੁ ਲਾਰੇ ਖਾਵੇ।
ਨੀਂ ਮੋਰਨੀ ਦੀ ਤੋਰ ਵਾਲੀਏ, ਮੋਰ ਬਾਗੇ ਵਿਚ ਪੈਲਾਂ ਪਾਵੇ।
ਨੀਂ ਤੇਰੀ ਕਾਲੀ ਕੁੜਤੀ ਨੂੰ, ਚੰਨ ਵਰਗੇ ਲਵਾਂ ਦੂੰ ਤਾਰੇ।
ਕੱਤਣੀਂ 'ਚ ਰੋਣ ਪੂਣੀਆਂ, ਤੰਦ ਤੱਕਲੇ ਤੇ ਰੋਣ ਵਿਚਾਰੇ।--------
4.
ਛੜਿਆਂ ਦੀ ਨਜ਼ਰ ਬੁਰੀ, ਘੁੰਡ ਕੱਢ ਲੈ ਕਮਲੀਏ ਨਾਰੇ।
ਨੀਂ ਘੁੰਡ ਵਿਚੋਂ ਪਈ ਬਿਜਲੀ, ਛੜੇ ਮੱਚ ਗਏ ਖੁੰਡਾਂ ਤੇ ਸਾਰੇ।
ਬੱਦਲੀ 'ਚ ਚੰਨ ਛਿਪਿਆ, ਤੇਰੇ ਰੂਪ ਦੇ ਪੈਣ ਲਿਛਕਾਰੇ।
ਕੱਤਣੀ 'ਚ ਰੋਣ ਪੂਣੀਆਂ, ਤੰਦ ਤੱਕਲੇ ਤੇ ਰੋਣ ਵਿਚਾਰੇ।---------
5.
ਬੱਲੇ ਬੱਲੇ ਵੀ ਸੱਪ ਰੰਗੀ ਛੀਂਟ ਵੇਖਕੇ, ਜੱਟੀ ਹੱਟੀ ਤੇ ਸ਼ਰਾਬਣ ਹੋਈ।
ਤੂੰ ਚੜ੍ਹ ਗਿਉਂ ਰਾਤ ਦੀ ਗੱਡੀ, ਵੇ ਮੈਂ ਦਿਨ ਚੜ੍ਹਦੇ ਤੱਕ ਰੋਈ।
ਇਕ ਉਤੋਂ ਰਾਤ ਮਾਘ ਦੀ, ਦੂਜਾ ਮੁੱਕਣ ਨਾ ਤੇਰੇ ਲਾਰੇ।
ਕੱਤਣੀਂ 'ਚ ਰੋਣ ਪੂਣੀਆਂ, ਤੰਦ ਤੱਕਲੇ ਤੇ ਰੋਣ ਵਿਚਾਰੇ।
ਕੱਤਣੀਂ 'ਚ ਰੋਣ ਪੂਣੀਆਂ।