ਕੌੜਾ ਬੂਰ

ਮੈਂ ਕੁਝ ਘੜੀਆਂ ਪਲ ਬੀਜੇ ਸਨ 

ਅਜ ਉਹਨਾਂ ਨੂੰ ਬਹੁੰ ਦਿਨ ਪਿੱਛੋਂ

ਕੌੜਾ ਬੂਰ ਪਿਆ ਹੈ

ਮੈਂ ਸੁਣਿਐਂ ਤੇਰਾ ਮੂੰਹ ਕੌੜਾ ਹੈ

ਤੂੰ ਮੇਰੇ ਮੁਖ 'ਚੋਂ ਸੋਭਾ ਵਾਂਗਣ 

ਦੂਰ ਸਫ਼ਰ ਤੇ ਤੁਰਿਆ 

ਪਹਿਲ ਪੜਾਂ ਤੇ ਮੈਂ ਤਲੀਆਂ ਨੂੰ 

ਚੁਭਕਦਿਆਂ ਸੁਣਿਆ ਹੈ

ਮੈਂ ਮਿੱਟੀ 'ਚੋਂ ਮਹਿਕ ਉਗਾ ਕੇ 

ਹੱਥ ਪੌਣ ਦੇ ਸੌਂਪੀ

ਪੌਣ ਫਸੀ ਕੰਡਿਆਰੀ 

ਮੈਂ ਮਹਿਕਾਂ ਨੂੰ ਅੰਗ-ਝਰੀਟੇ 

ਵਿਲਕਦਿਆਂ ਸੁਣਿਆ ਹੈ

ਇਸ ਵਿਚ ਤੇਰਾ ਕੋਈ ਦੋਸ਼ ਨਹੀਂ 

ਤੂੰ ਕਦ ਸੋਭ-ਸਫ਼ਰ ਚਾਹਿਆ ਸੀ 

ਤੂੰ ਕਦ ਮਹਿਕ-ਜੂਨ ਮੰਗੀ ਸੀ

ਮੈਂ ਹੀ ਕੁਝ ਘੜੀਆਂ ਪਲ ਬੀਜੇ 

ਅਜ ਉਹਨਾਂ ਨੂੰ ਬਹੁੰ ਦਿਨ ਪਿੱਛੋਂ 

ਕੌੜਾ ਬੂਰ ਪਿਆ ਹੈ

📝 ਸੋਧ ਲਈ ਭੇਜੋ