ਸ਼ੈਰੀ ਲੱਗਿਆ ਕਲਮ ਨਾਲ ਘੁਲਣ ਤੂੰ,
ਦੇਖੀ ਆਪਾ ਨਾ ਆਪਣਾ ਗੁਆ ਬੈਠੀ।
ਸੱਚ ਲਿਖਦਾ ਖੋਲ੍ਹਦਾ ਲੋਕਾਂ ਦੇ ਵੇ,
ਦੇਖੀ ਆਪਣਾ ਹੀ ਸੱਚ ਨਾ ਤੂੰ ਸੁਣਾ ਬੈਠੀ।
ਲਿਖਣਾ ਤੈਨੂੰ ਆਉਂਦਾ ਨਹੀਂ ਵੱਡਿਆ ਲਿਖਾਰੀਆ,
ਕਿੱਸੇ ਜੋੜ-ਜੋੜ ਲੋਕਾਂ ਦੇ ਸੁਣਾਈ ਜਾਵੇ।
ਆਪਣੀਆਂ ਰੱਖੀਆਂ ਦਿਲ 'ਚ ਲੁਕੋ ਕੇ ਬੇਗ਼ੈਰਤਾ,
ਲੋਕਾਂ ਦੇ ਐਵੇਂ ਹੀ ਸਿਰ ਜਿਹੇ ਖਾਈ ਜਾਵੇ।
ਪੰਜਾਬ ਸੋਨੇ ਦੀ ਚਿੜੀ ਸੀ ਮੰਨਿਆ ਜਾਂਦਾ,
ਅੱਜ ਕਹਿੰਦੇ ਨਸ਼ਿਆਂ ਨੇ ਵਿਗਾੜਤਾ ਏ।
ਇੱਥੇ ਇੱਕ ਜੋਧਾ ਸਵਾ ਲੱਖ ਨਾਲ ਸੀ ਲੜ੍ਹ ਜਾਂਦਾ,
ਅੱਜ ਚਿੱਟੇ ਨੇ ਸੂਲੀ ਸਭ ਚਾੜ੍ਹਤਾ ਏ।
ਨਾ ਇੱਜ਼ਤਾਂ ਰਹੀਆਂ ਬੇਗ਼ੈਰਤ ਹੋਏ ਸਾਰੇ,
ਧੀਆਂ ਭੈਣਾਂ ਦੀ ਲਾਜ ਨੂੰ ਕੋਈ ਸਮਝੇ ਨਾ।
ਕੁੱਖ ਵਿੱਚ ਹੀ ਧੀ ਬਾਬਲ ਮਾਰ ਦੇਵੇ,
ਰੱਬ ਦੀ ਕੁਦਰਤ ਨੂੰ ਹੁਣ ਕੋਈ ਮੰਨੇ ਨਾ।
ਖੁਦਾ ਤੋਂ ਵੱਡੀ ਸ਼ੌਹਰਤ ਪੈਸੇ ਦੀ ਹੋਈ,
ਪੈਸੇ ਲਈ ਭਾਈ-ਭਾਈ ਨੂੰ ਮਾਰ ਦੇਵੇ।
ਚੇਲੇ ਗੁਰੂ ਦਾ ਨਾ ਰਿਸ਼ਤਾ ਦੇਖਣ ਨੂੰ ਮਿਲੇ,
ਅੱਜ ਪਿੱਠ ਪਿੱਛੇ ਖੰਜਰ ਚਲਾ ਦੇਵੇ।
ਕੀ ਗੱਲ ਸੁਣਾਵਾਂ ਇਸ਼ਕੇ ਦੇ ਰੋਗ ਵਾਲੀ,
ਰਾਂਝੇ ਹੀਰ ਨੂੰ ਨਿੱਤ-ਨਿੱਤ ਇਸ਼ਕ ਹੋ ਜਾਂਦਾ।
ਇਸ਼ਕ ਦੇ ਰੋਗੀ ਸਮਾਂ ਟਪਾ ਜਾਂਦੇ,
ਇੱਥੇ ਸੱਚੇ ਇਸ਼ਕ ਦੀ ਨਾ ਕੋਈ ਇਬਾਦਤ ਮੰਨਦਾ।
ਅੱਜ ਪੁੱਤ ਹੀ ਕਪੁੱਤ ਹੋ ਬੈਠੇ ਲੋਕੋ,
ਬੁੱਢੀ ਪਈ ਮਾਂ ਨੂੰ ਪਾਣੀ ਨਾ ਪੁੱਛਦਾ ਕੋਈ।
ਕਰਾ ਕੇ ਜ਼ਮੀਨਾਂ ਆਪਣੇ ਨਾਮ ਪੁੱਤ ਲੋਕੋ,
ਬਾਪ ਮਾਰਨ ਤੋਂ ਫੇਰ ਨਾ ਡਰਦਾ ਕੋਈ।
ਭਗਤ ਸਿੰਘ ਵਰਗੇ ਪੁੱਤ ਨਾ ਮਾਵਾਂ ਜੰਮਦੀਆਂ,
ਸਟੇਜਾਂ 'ਤੇ ਰੌਲਾ ਪਾਉਣ ਵਾਲੇ ਘਰ ਘਰ ਜੰਮਦੇ।
ਪੰਜਾਬ ਦੇ ਸਿਰੋਂ ਗਲੇ 'ਚ ਪੱਗ ਲੱਥੀ ਰੱਬਾ,
ਮਿੱਟੀ ਦੇ ਬੁੱਤ ਹੋਏ ਇਹ ਗੰਦੀ ਚੰਮ ਦੇ।
ਰੱਬਾ ਮੇਰੀ ਕਲਮ ਨੂੰ ਗੁਣ ਦਵੀਂ,
ਸੱਚ ਲਿਖਣ ਤੋਂ ਨਾ ਇਹ ਕਦੇ ਡਰ ਜਾਵੇ।
ਲਿਖਿਆ ਸੱਚ ਤਾਂ ਜੇ ਕੋਈ ਸੁਣ ਲਵੇ,
ਲੋਕਾਂ ਤੋਂ ਬੇਇੱਜ਼ਤੀ ਸ਼ੈਰੀ ਕਰਾਈ ਜਾਵੇ।