ਕੌਣ ਗਲੇ ਨਾਲ ਲਾਵੇ ਓਸ ਵਿਚਾਰੇ ਨੂੰ ।
ਜਿਸ ਨੇ ਸਿਰ ਤੇ ਚਾਇਆ ਮਿੱਟੀ ਗਾਰੇ ਨੂੰ ।
ਜੀਹਦੀਆਂ ਨੀਹਾਂ ਵਿਚ ਏ ਲਹੂ ਮਜ਼ਲੂਮਾਂ ਦਾ,
ਭਾਗ ਕਦੀ ਨਈਂ ਲਗਦੇ ਓਸ ਚੁਬਾਰੇ ਨੂੰ ।
ਜੇ ਨਾ ਚੂਰੀਆਂ ਹੀਰ ਲਿਆਉਂਦੀ ਬੇਲੇ ਵਿਚ,
ਰਾਂਝਾ ਵੀ ਮੁੜ ਜਾਂਦਾ ਤਖ਼ਤ ਹਜ਼ਾਰੇ ਨੂੰ ।
ਦੁੱਖਾਂ ਤੇ ਅਫ਼ਸੋਸ ਤੇ ਸਾਰੇ ਕਰਦੇ ਨੇ,
ਪਰ ਨਈਂ ਪੁਛਦਾ ਕੋਈ ਕਿਸੇ ਦੁਖਿਆਰੇ ਨੂੰ ।
ਪੁੱਛੇ ਨਾ ਕੋਈ ਹਾਲ 'ਰਹੀਲ' ਦੀਆਂ ਪੀੜਾਂ ਦਾ,
ਛੇੜੇ ਨਾ ਕੋਈ ਦੁੱਖਾਂ ਦੇ ਇਸ ਮਾਰੇ ਨੂੰ ।