ਕੌਣ ਨੇ ਇਹ
ਲੱਗਦਾ ਹੈ ਅਰਸ਼ ਤੋਂ
ਸਿਤਾਰੇ ਨੀਵੇਂ ਹੋ ਧਰਤ ਤੇ ਆਏ ਨੇ
ਬਾਬਾ ਨਾਨਕ ਆਪ
ਕਣਕ ਬੀਜ ਝੋਨਾ ਵੇਚ
ਲੰਗਰ ਛਕਾ ਰਿਹਾ ਹੈ
ਭੁੱਖੀਆਂ ਸੰਗਤਾਂ ਨੂੰ
ਹਰਫ਼ਾਂ ਬੋਲਾਂ ਵਾਲੇ
ਬਿਨ ਕਹੇ ਸੁਰਾਂ ਕਲਾਵਾਂ ਵਾਲੇ
ਹੁੰਮ ਹੁੰਮਾ ਆਪਣੇ ਆਪ
ਅੰਬਰ ਹੇਠ ਚੰਦ ਨਾਲ ਬਾਤਾਂ ਪਾਉਣ
ਸੱਤਾ ਦੇ ਘਰ ਨੇੜੇ ਕੁੱਝ ਸਮੇਂ ਲਈ
ਕੱਕਰੀਆਂ ਰਾਤਾਂ ਚ ਕਿੰਜ ਰਹੀਦਾ
ਦੱਸਣ ਆਏ ਨੇ
ਕਿੰਜ ਮੰਗੀਦੇ ਨੇ ਹੱਕ ਡੰਡਿਆਂ ਤੇ ਲਹਿਰਾ ਅਧਿਕਾਰ
ਕਿੰਜ ਉਡਾਈਦੀਆਂ ਨੀਂਦਰਾਂ ਜ਼ਰਵਾਣਿਆਂ ਦੀਆਂ
ਉਹਨਾਂ ਦੀ ਹੀ ਗਲੀ ਚ ਹੀ ਬਹਿ
ਫਸਲਾਂ ਨੂੰ ਨਾਲ ਲੈ ਕੇ
ਪਵਨ ਗੁਰੂ ਪਾਣੀ ਪਿਤਾ ਵੀ ਨਾਲ
ਬੱਚਿਆਂ ਨੂੰ ਧਰਤੀ ਮਾਂ
ਲੰਗਰ ਬਣਾ ਖਵਾਵੇ ਬਾਅਦ ਚ ਖਾਵੇ
ਨਾਲ ਆਈਆਂ ਨੇ ਹੌਸਲੇ ਤੇ ਹਿੰਮਤਾਂ
ਵੰਗਾਰਾਂ ਤੇ ਜ਼ਮੀਰਾਂ ਵੀ ਨਾਲ
ਇਤਿਹਾਸ ਸਾਡੀਆਂ ਯਾਦਾਂ ਦੇ ਵਿਚ
ਪੱਗਾਂ ਦੇ ਲੜੀੰ ਗੋਬਿੰਦ ਦੀ ਲ਼ਲਕਾਰ
ਜੇਬਾਂ ਵਿਚ ਆਸ ਉਮੀਦ
ਸਬਰ ਸੰਤੋਖ ਤੇ ਵੰਗਾਰ
ਸੁਭਾ ਸਵੇਰੇ ਸ਼ਬਦ ਰਾਗ ਵੀ
ਬਾਬਾ ਤੇ ਮਰਦਾਨਾ ਵੀ
ਰਬਾਬ ਕਰੇ ਕਾਇਨਾਤ ਤਰੰਗਿਤ
ਅਰਦਾਸ ਹੋਵੇ ਲੋਕਾਈ ਦੇ ਭਲੇ ਦੀ
ਏਥੇ ਸਾਰੇ ਧਰਮ ਮਜਹਬ
ਰਲਮਿਲ਼ ਚਾਹਾਂ ਪੀਣ ਪਰਸ਼ਾਦੇ ਛਕਣ
ਮੋਹ ਪਿਆਰ ਮਿਲ ਗੱਲਾਂ ਕਰਨ
ਕਿਤੇ ਵੀ ਨਫ਼ਰਤ ਨਾ ਦਿਸਦੀ
ਕੰਬਲਾਂ ਚ ਬੈਠੇ ਦੁੱਧ ਬਦਾਮਾਂ ਲੱਦੇ
ਅਲਸੀ ਦੀਆਂ ਪਿੰਨੀਆਂ ਲੱਦੀਆਂ
ਟਰਾਲੀਆਂ ਦੁੱਧ ਦੇ ਟੈੰਕਰ
ਪਰੌੰਠੇ ਗੋਭੀ ਆਲੂਆਂ ਦੇ
ਇਲਾਚੀਆਂ ਦੀਆਂ ਮਹਿਕਾਂ ਭਰੀਆਂ ਚਾਹਾਂ
ਪਤਾ ਨਾ ਲੱਗੇ ਕਿੱਥੋਂ ਟੁਰੇ ਆਉਣ
ਦਵਾਈਆਂ ਕੰਬਲ ਤੇ ਗਰਾਸਰੀ
ਪੁਕਾਰਾਂ ਤੇ ਵੰਗਾਰਾਂ
ਰੇਲਾਂ ਟੋਲ ਪਲਾਜ਼ਿਆਂ ਤੋਂ ਉੱਠ ਆਈਆਂ
ਪੱਥਰਾਂ ਨੂੰ ਕਿੱਕਾਂ ਮਾਰਦੇ
ਬੁੱਕਾਂ ਨਾਲ ਟੋਏ ਭਰਦੇ
ਅੱਥਰੂ ਗੈਸ ਦੇ ਗੋਲਿਆਂ ਨਾਲ ਖੇਡਦੇ
ਬੁਛਾੜਾਂ ਨਾਲ ਨਾਹੁੰਦੇ
ਜੈਕਾਰੇ ਮਾਰਦੇ
ਅੰਨ ਪਾਣੀ ਲੱਦ ਆ ਬੈਠੇ ਨੇ ਸੀਨੇ ਤਾਣ
ਫਸਲਾਂ ਸੜਕਾਂ ਤੇ ਆ ਗਈਆਂ ਹਨ
ਖੇਤਾਂ ਨੇ ਹਿੱਕ ਤੇ ਆ
ਨੱਚਣਾ ਸ਼ੁਰੂ ਕਰ ਦਿੱਤਾ ਹੈ
ਰੁੱਖ ਵੀ ਟੁਰ ਪਏ ਹਨ ਨਾਲ
ਨਗਾਰਿਆਂ ਦੀ ਚੋਟ ਤੇ
ਗੋਬਿੰਦ ਦੀ ਫੌਜ ਨੇ ਘੋੜਿਆਂ ਤੇ
ਟੱਪ ਜਾਣਾ ਹੈ ਹਵਾ ਬਣ ਕੇ
ਦਿੱਲੀ ਦੇ ਬਾਡਰ ਨੂੰ
ਲਹਿਰਾਂ ਤੇ ਲੋਕ ਵਹਿਣ
ਸੰਘਰਸ਼ ਦੀਆਂ ਮੰਜ਼ਿਲ ਵੱਲ ਟੁਰੀਆਂ
ਪੈੜਾਂ ਦੇ ਪਰਚਮ ਇੰਜ ਲਹਿਰਦੇ ਨੇ
ਏਦਾਂ ਜਗਦੇ ਨੇ ਰੋਹ
ਦਰਦ ਦੀ ਚੀਖ ਇੰਜ ਬਾਤ ਪਾਉਂਦੀ ਹੈ
ਇਤਿਹਾਸ ਦੇ ਪੰਨੇ ਇੰਜ ਲਿਖੇ ਜਾਂਦੇ ਹਨ
ਸਮਾਂ ਦੱਸਿਆ ਕਰੇਗਾ
ਜਦ ਬੱਚੇ ਪੁੱਛਿਆ ਕਰਨਗੇ ਸਵਾਲ
ਕਿ ਸਿਆੜਾਂ ਚ ਕਿੰਜ ਸੁਪਨੇ ਬੀਜੀ ਦੇ ਨੇ
ਏਥੇ ਸੰਗਤ
ਤੇ ਰੂਹਦਾਰੀਆਂ ਦੀ ਪੰਗਤ
ਵਿਚ ਨਾਨਕ ਸ਼ਬਦ ਦੀ ਰੰਗਤ ਹੈ
ਇਹ ਨੰਦਪੁਰੋੰ ਆਏ
ਗੁਰੂ ਗੋਬਿੰਦ ਦੇ ਕਾਫ਼ਿਲੇ ਨੇ
ਕਰਤਾਰਪੁਰ ਤੋਂ ਨੱਕੇ ਮੋੜਦਾ
ਸ਼ਾਇਰ ਨਾਨਕ ਦਿੰਦਾ ਫਿਰੇ ਦਲੀਲ਼ਾਂ
ਬਾਬਰ ਨੂੰ ਲ਼ਲਕਾਰਨ ਆਇਆ ਜਹਾਨ
ਸਿਰ ਹਾਜ਼ਰ ਕਰਨ ਆਏ ਤੇਗ਼ ਬਹਾਦੁਰ
ਨੀਂਹਾਂ ਢਾਉਣ ਆਏ ਸੂਰਜ ਪਟਨੇ ਦੇ
ਵਿਚ ਫੱਕਰ ਸੂਫ਼ੀ ਸਾਰੇ ਬੈਠੇ
ਸਬਕ ਲੈ ਕੇ ਆਏ ਮਹਾਂ ਕੋਸ਼ਾਂ 'ਚੋਂ
ਸਫ਼ੇ ਸੁਨਹਿਰੀ ਮੁੱਦਤਾਂ ਬਾਅਦ ਲਿਖੇ ਜਾ ਰਹੇ ਹਨ
ਇਹੋ ਜਿਹੇ ਸਫ਼ਿਆਂ ਦੀਆਂ ਕਹਾਣੀਆਂ
ਕਦੇ ਮਿਟਦੀਆਂ ਨਹੀਂ ਹੁੰਦੀਆਂ
ਹੱਕਾਂ ਲਈ ਉੱਠੇ ਹੱਥਾਂ ਦੇ ਰੋਹ
ਖੁਰਦੇ ਨਹੀਂ ਕਦੇ
ਬੱਚਿਆਂ ਦੇ ਹੱਥਾਂ ਚੋਂ ਖਿਡੌਣੇ ਖੋਹਣ ਵਾਲਿਆਂ ਨੂੰ
ਕਦੇ ਵਕਤ ਬਖਸ਼ਦਾ ਨਹੀਂ ਹੁੰਦਾ
ਦੁੱਧ ਪੀ ਕੇ ਸੁੱਤੇ ਬਾਲਾਂ ਦੇ ਜੇ ਸੁਪਨੇ ਤਿੜਕ ਜਾਣ
ਤਾਂ ਕਰਬਲਾ ਆ ਜਾਂਦੀ ਹੈ ਬਰੂਹਾਂ ਚ
ਸਦੀਆਂ ਨੂੰ ਪੁੱਛਿਆ ਕਰਨਗੇ ਸਵੇਰੇ
ਕਿ ਖੇਤਾਂ ਚ ਸਿਤਾਰੇ ਬੀਜਣ ਵਾਲਿਆਂ ਨੂੰ
ਬੇਚੈਨ ਕਰਨ ਵਾਲੇ ਉਹ ਕੌਣ ਸਨ
ਜਿੰਨਾਂ ਨੇ ਕਣਕ ਦੇ ਗੀਤਾਂ ਨੂੰ
ਬੇਸੁਰ ਕੀਤਾ
ਬਾਸਮਤੀ ਦੀ ਮਹਿਕ ਪਲੀਤ ਕੀਤੀ
ਤਾਰੀਖ਼ ਸਵਾਲ ਕਰਿਆ ਕਰੇਗੀ
ਸਫ਼ੇ ਮੋੜ ਕੇ ਰੱਖਿਆ ਕਰਨਗੇ ਪਹਿਰ
ਸੱਚ ਕਦੇ ਹਰਦੇ ਨਹੀਂ ਹੁੰਦੇ
ਦੁਆਵਾਂ ਕਦੇ ਕਿਰਦੀਆਂ ਨਹੀਂ ਹੁੰਦੀਆਂ
ਜਨੂੰਨ ਸੁੱਚੀ ਸੋਚ ਵਹਿਣ ਚ ਨਹੀਂ ਰੁੜ੍ਹਦੀ
ਮਿਹਨਤ ਤਦਬੀਰ ਬਣ ਕੇ ਪਰਤੇਗੀ ਪਿੰਡਾਂ ਸ਼ਹਿਰੀ ਨੂੰ
ਜਿੱਤ ਕੇ ਆਈ ਮਿੱਟੀ ਦੀ ਤਕਦੀਰ ਨੂੰ ਰਾਹ ਤੇਲ ਚੋਣਗੇ
ਖੇਤ ਗਲ ਲੱਗਣਗੇ
ਕਣਕਾਂ ਵਿਛਣਗੀਆਂ ਪੱਬਾਂ ਹੇਠ