ਸ਼ਾਇਰ ਦਾ ਸਿਰ
ਨਦੀ ਦਾ ਪਾਣੀ
ਉਤਰ ਗਏ ਦੋਵੇਂ ਇਕ ਸਾਥ
ਸਿਰ ਵਿਚ ਵਗਦੀ ਸੀ ਸ਼ੂਕਦੀ ਨਦੀ
ਨਦੀ ਵਿਚ ਰਿੱਝਦੇ ਸਨ ਕਵੀ ਦੇ ਬੋਲ
ਅਸਤ ਗਏ ਪਾਣੀ
ਕੰਢੇ ਤੇ ਚਿੱਕੜ
ਚਿੱਕੜ ਵਿਚ ਛਾਂਗਿਆ ਕਵੀ ਦਾ ਮੁੰਡ
ਚੁੱਪ ਹੈ ਪਰ ਅਜੇ ਵੀ ਤੱਤਾ ਤੱਤਾ ਬੁੜ੍ਹਕਦਾ
ਆਪਣੀ ਬਰੇਤੀ ਵਿਚ ਸੌਂ ਗਏ ਪਾਣੀ
ਪਰ ਕੰਢੇ ਤੇ ਖਲੋਤਾ ਧੜ ਮੁੜ ਗਿਆ ਸ਼ਹਿਰ ਨੂੰ
ਡੋਲ੍ਹਦਾ
ਆਪਣੇ ਲਹੂ ਦੀਆਂ ਆਇਤਾਂ