ਜੀ ਚਾਹੁੰਦਾ ਹੈ ਉੱਤਮ ਰਚਨਾ ਕਰਾਂ ਕਿਸੇ ਮੈਂ ਮਹਾਂ ਕਵਿ ਦੀ 

ਜਿਸ ਦੇ ਵਿਚ ਪ੍ਰਤਿਭਾ ਆਪਣੀ ਭਰ ਦੇਵਾਂ ਸਾਰੀ ਦੀ ਸਾਰੀ 

ਐਪਰ ਅੱਜ ਕੱਲ ਇਸ ਦੁਨੀਆਂ ਵਿਚ ਇਕ ਤੀਵੀਂ ਦੇ ਉਧਲਣ ਉੱਤੇ 

ਕਿਸੇ ਕੌਮ ਦੀ ਅਣਖ ਨਾ ਜਾਗੇ ਸੂਰਬੀਰ ਨਾ ਜਾਗਣ ਸੁੱਤੇ

ਨਾ ਹੀ ਰਾਮ ਜਿਹਾ ਨਿਰਛਲੀਆ ਕਿਸੇ ਨਕਾਰੀ ਗੱਲ 'ਚ ਕੇ 

ਕਸ਼ਟਾਂ ਦੇ ਵਣ ਕੰਡੇ ਮੋੜੇ ਧਰਮ ਪਾਲਦਾ ਬੋਲ ਪੁਗਾ ਕੇ 

ਇਹ ਹੱਕਾਂ ਦਾ ਲੋਕ ਰਾਜ ਦਾ ਤੇ ਸਵਤੰਤਰਤਾ ਦਾ ਯੱਗ ਹੈ 

ਰੋਜ਼ ਗਿਆਨ ਦਾ ਫਲ ਖਾਂਦੇ ਹਾਂ ਭਲੇ ਬੁਰੇ ਦੀ ਵੀ ਉਗ ਸੁਗ ਹੈ

ਇਸ ਯੁੱਗ ਵਿਚ ਤਾਂ ਆਦਮ ਹੱਵਾ ਦੀ ਉਹ ਪਹਿਲੀ ਹੁਕਮ ਅਦੂਲੀ 

ਵਰਜਤ ਫਲ ਖਾਵਣ ਦੀ ਵਿਥਿਆ ਜਾਪੇ ਐਵੇਂ ਗੱਲ ਮੂਮਲੀ 

ਇਸ ਯੁੱਗ ਵਿਚ ਹੁਣ ਮੈਥੋਂ ਰਚਨਾ ਮਹਾਂ ਕਾਵਿ ਦੀ ਕਰ ਨਹੀਂ ਹੋਣੀ 

ਕੋਸ਼ਿਸ਼ ਕਰਾਂ ਵੀ ਜੇਕਰ ਉਸ ਵਿਚ ਪ੍ਰਤਿਭਾ ਰੱਤੀ ਭਰ ਨਹੀਂ ਹੋਣੀ

ਕਿਉਂ ਨਾ ਲੋਕ ਰਾਜ ਦੇ ਯੁੱਗ ਵਿਚ ਲੋਕ ਭਲੇ ਦਾ ਗੀਤ ਉਚਾਰਾਂ 

ਕਿਉਂ ਨਾ ਛੇੜਾਂ ਦੱਬੇ ਕੁਚਲੇ ਮਜ਼ਲੂਮਾਂ ਦੇ ਦਿਲ ਦੀਆਂ ਤਾਰਾਂ 

ਮੇਰੇ ਦੇਸ਼ ਦੀ ਕਿੰਨੀ ਜਨਤਾ ਦੁੱਖਾਂ, ਭੁੱਖਾਂ ਫ਼ਿਕਰਾਂ ਘੇਰੀ 

ਕਿਉਂ ਨਾ ਇਸ ਪੀੜਤ ਜਨਤਾ ਦੀ ਗੱਲ ਛੇੜੇ ਹੁਣ ਕਵਿਤਾ ਮੇਰੀ

ਕਿਉਂ ਨਾ ਮਜ਼ਦੂਰਾਂ ਦੇ ਨ੍ਹੇਰੇ ਘਰ ਕਵਿਤਾ ਦਾ ਦੀਪ ਜਗਾਵਾਂ 

ਕਿਉਂ ਨਾ ਕਿਸਾਨਾਂ ਦੇ ਖੇਤਾਂ ਵਿਚ ਗੀਤਾਂ ਦੀ ਫਸਲ ਉਗਾਵਾਂ 

ਪਰ ਮਜ਼ਦੂਰਾਂ ਕਿਸਾਨਾਂ ਨੂੰ ਮੇਰੇ ਗੀਤ ਨਹੀਂ ਚਾਹੀਦੇ 

ਬੇਕਾਰਾਂ ਨੂੰ ਕੰਮ ਚਾਹੀਦੇ ਹਨ ਵਾਹੀ ਦੇ

ਏਸ ਦੇਸ਼ ਵਿਚ ਮੇਰਾ ਆਪਣਾ ਵੀ ਹਾਲੇ ਸਤਿਕਾਰ ਨਹੀਂ ਹੈ 

ਸੱਚੀ ਗੱਲ ਹੈ ਮੈਨੂੰ ਆਪਣੇ ਦੇਸ਼ ਦੇ ਨਾਲ ਪਿਆਰ ਨਹੀਂ ਹੈ

ਮੇਰੇ ਸਾਰੇ ਪਿਆਰ ਦੀ ਪਾਤਰ ਇਕ ਨਵਯੁਵਤੀ ਚੰਚਲ ਗੋਰੀ 

ਹਰਦਮ ਜਿਸ ਨੂੰ ਮਿਲਣਾ ਚਾਹੁੰਨਾ ਰਾਤ ਬਰਾਤੇ ਲੁਕ ਛਿਪ ਚੋਰੀ

ਕਿਉਂ ਨਾ ਫਿਰ ਮੈਂ ਉਸ ਗੋਰੀ ਦੀਆ ਸਿਫ਼ਤਾਂ ਗਾਵਾਂ ਰਾਤ ਦਿਹਾੜੇ 

ਰੋ ਰੋ ਦਿਲ ਦਾ ਹਾਲ ਸੁਣਾਵਾਂ ਤਰਲੇ ਕੱਢਾਂ ਪਾਵਾਂ ਹਾੜੇ 

ਆਪਣੇ ਪਿਆਰ ਨੂੰ ਦਰਸਾਵਣ ਲਈ ਕਿਆਸ ਦੀਆਂ ਸਭ ਹੱਦਾਂ ਭੰਨਾਂ 

ਭਾਵਾਂ ਦਾ ਦਰਿਆ ਵਗ ਨਿਕਲੇ ਤੇ ਉਪਮਾਵਾਂ ਦੇ ਪੁਲ ਬੰਨ੍ਹਾਂ

ਆਖਾਂ ਉਸਦੀਆਂ ਨਾਗਣ ਜ਼ੁਲਫਾਂ ਡਾਹਡੇ ਜ਼ਹਿਰੀ ਡੰਗ ਚਲਾਵਣ 

ਸੁਰਮੀਲੇ ਨੈਣਾਂ ਦੇ ਤਿੱਖੇ ਤੀਰ ਕਾਲਜਾ ਵਿੰਨ੍ਹਦੇ ਜਾਵਣ 

ਉਸ ਦੀ ਧੌਣ ਨੂੰ ਕਹਾਂ ਸੁਰਾਹੀ ਸੀਨੇ ਨੂੰ ਸਾਗਰ ਦੀਆਂ ਛੱਲਾਂ 

ਨੱਕ ਨੂੰ ਆਖਾਂ ਤੇਜ਼ ਕਟਾਰੀ ਸੇਉ ਕਸ਼ਮੀਰੀ ਆਖਾਂ ਗੱਲ੍ਹਾਂ

ਐਪਰ ਉਸ ਨੂੰ ਕਵਿਤਾ ਨਾਲੋਂ ਫਿਲਮੀ ਗੀਤ ਨੇ ਵਧ ਪਿਆਰੇ 

ਬੁੱਝ ਲਏਗੀ ਕਿਥੋਂ ਮੰਗੇ ਫਿਕਰੇ ਮੈਂ ਸਭ ਉਧਾਰੇ

ਇੰਜ ਲੱਗਦਾ ਹੈ ਏਥੇ ਹੁਣ ਮੈਂ ਪਿਆਰ ਦੀ ਕਵਿਤਾ ਰਚ ਨਹੀਂ ਸਕਦਾ 

ਰਚਾਂ ਤਾਂ ਰਚ ਕੇ ਆਪਣੀ ਵੀ ਮਹਿਬੂਬ ਦੇ ਨੈਣੀਂ ਜਚ ਨਹੀਂ ਸਕਦਾ

ਮੈਂ ਨਾ ਕੋਈ ਰਿਸ਼ੀ ਮੁਨੀ ਹਾਂ ਜੋ ਕੁਦਰਤ ਦੇ ਸੋਹਲੇ ਗਾਵਾਂ 

ਪ੍ਰਾਭੌਤਿਕ ਸਚਿਆਈਆਂ ਲੱਭਾਂ ਆਦਰਸ਼ਾਂ ਦੀ ਬੀਨ ਵਜਾਵਾਂ 

ਮੈਂ ਇਕ ਧੂੰਏਂ ਕੱਜ ਸ਼ਹਿਰ ਦੇ ਨੇੜ੍ਹੇ ਜਹੇ ਮਕਾਨ 'ਚ ਵਸਦਾ 

ਤੰਗ ਜਹੇ ਕਮਰੇ ਵਿਚ ਬਹਿ ਕੇ ਪੜ੍ਹਦਾ ਲਿਖਦਾ ਰੋਂਦਾ ਹੱਸਦਾ

ਸੁਣਿਆ ਅਸੀਂ ਸੁਰੱਸਵਤੀ ਹੈ ਹੁਣ ਧਰਤੀ ਦੇ ਹੇਠਾਂ ਵਹਿੰਦੀ 

ਉਸ ਦੇ ਜਲ ਦੀ ਤਿੱਪ ਨੂੰ ਮੇਰੀ ਕਲਮ ਦੀ ਜੀਭ ਵਿਲਕਦੀ ਰਹਿੰਦੀ।

📝 ਸੋਧ ਲਈ ਭੇਜੋ