ਉਹਨਾਂ ਦੀ ਹਦਾਇਤ ਹੈ
ਕਿ ਮੇਰੀ ਕਵਿਤਾ ਦੇ ਨਹੁੰ ਵਧ ਗਏ ਨੇ...
ਕੱਟ ਦੇਵਾਂ
ਜਾਂ ਰੰਗ ਲਵਾਂ
ਕਿਸੇ ਖ਼ਾਸ ਰੰਗ ਦੀ ਨਹੁੰ-ਪਾਲਿਸ਼ ਨਾਲ..
ਦੁੱਖਾਂ ਦੀਆਂ ਪਲੇਟਾਂ ਮਾਂਜਦਿਆਂ
ਇਹ ਜੋ ਫਸ ਗਈ ਏ
ਨਹੁੰਆਂ ’ਚ ਮੈਲ
ਬਹੁਤ ਭੱਦੀ ਲੱਗਦੀ ਹੈ
ਉਹ ਕਰਦੇ ਨੇ ਖ਼ਬਰਦਾਰ
ਕਿ ਤੂੰ ਨਹੀਂ ਜਾਣਦੀ
ਸਫ਼ਾਈ-ਅਭਿਆਨ ਚੱਲ ਰਿਹੈ
ਜੇ ਪੈ ਗਈ ਨਜ਼ਰ ਉਹਨਾਂ ਦੇ
ਨਹੁੰਆਂ ਦੀ ਗੰਦਗੀ
ਤਾਂ ਉਹ ਨੋਚ ਲੈਣਗੇ
ਨਹੁੰ ਜੜ੍ਹਾਂ ਤੋਂ
ਤੇ ਸੁੱਟ ਦੇਣਗੇ
ਹਰੇ-ਨੀਲੇ ਡਸਟਬਿਨਾਂ ਵਿਚ
ਤੂੰ ਨੈਣਾਂ ’ਚ
ਕਲਪਨਾ ਦਾ ਰੰਗ ਭਰਕੇ
ਸੋਚ ਇਕ ਵਾਰੀ
ਕਿ ਨਹੁੰਆਂ ਤੋਂ ਬਿਨਾਂ
ਕਿੰਨੇ ਕਰੂਪ ਲੱਗਦੇ ਨੇ
ਔਰਤਾਂ ਦੇ ਹੱਥ
ਤੇ ਉਹਨਾਂ ਦੀ ਕਵਿਤਾ
ਉਸ ਤੋਂ ਵੀ ਵੱਧ..!
ਸਮਝ ਲੈ
ਕਵਿੱਤਰੀ ਹੋਣ ਦਾ ਪਹਿਲਾ ਧਰਮ
ਕਿ ਉਸਦੀ ਕਵਿਤਾ ਦੇ
ਕੱਚੇ ਨਹੁੰ ਤਾਂ ਹੋਣੇ ਚਾਹੀਦੇ ਨੇ
ਪੱਕੇ ਨਹੁੰ ਵਰਜਿਤ ਹਨ
ਜੇ ਪੱਕ ਗਏ ਨਹੁੰ
ਤਾਂ ਖੁਭਣਗੇ ਵਿਵਸਥਾ ਦੇ ਢਿੱਡ ’ਚ
ਪਾੜ ਦੇਣਗੇ
ਉਹ ਮਰਦਾਵੇਂ ਹੱਥ
ਜਿਹੜੇ ਉਹਨਾਂ ਨੂੰ ਫੜਕੇ
ਮੰਜ਼ਿਲ ਵੱਲ ਨਹੀਂ
ਬਿਸਤਰ ਵੱਲ ਲੈ ਕੇ ਜਾਂਦੇ ਨੇ
ਉਹ ਦਿੰਦੇ ਨੇ ਸਲਾਹ
ਕਿ ਮੁਲਾਇਮ-ਮੁਲਾਇਮ ਤਲੀਆਂ ਤੇ
ਗੋਲ-ਗੋਲ ਉਂਗਲਾਂ ਨਾਲ ਲਿਖੀ ਕਵਿਤਾ
ਹੋਣੀ ਚਾਹੀਦੀ ਹੈ
ਜਨਾਨਾ ਤਲੀਆਂ ਤੇਉਂਗਲਾਂ ਵਰਗੀ ਹੀ
ਤੇ ਤੇਰੀ ਕਵਿਤਾ ਦੇ ਨਹੁੰਆਂ ’ਚ ਤਾਂ ਭਰਿਆ ਪਿਆ
ਪੂਰੇ ਸਮਾਜ ਦਾ
ਕੂੜਾ-ਕਰਕਟ
ਕੱਟ ਦੇ ਪੱਕੇ ਨਹੁੰ
ਤੇ ਚੜ੍ਹਾ ਲੈ
ਕੱਚੇ ਨਹੁੰਆਂ 'ਤੇ ਨਹੁੰ-ਪਾਲਿਸ਼ ਦਾ ਪੱਕਾ ਰੰਗ
ਪਤਾ ਈ ਐ ਤੈਨੂੰ
ਕਿ ਅੱਜ-ਕੱਲ੍ਹ
ਕਿਹੜੇ ਰੰਗ ਦਾ ਟਰੈਂਡ ਹੈ ਦੇਸ਼ ’ਚ
ਬੱਸ ਚੁੱਪ ਕਰਕੇ
ਉਸੇ ਰੰਗ ਦੀ ਖਰੀਦ ਲਿਆ
ਨਹੁੰ-ਪਾਲਿਸ਼
ਤੇ ਰੰਗ ਲੈ
ਆਪਣੇ ਨਹੁੰਆਂ ਨੂੰ ਉਸੇ ਰੰਗ ਵਿਚ
ਉਹਨਾਂ ਦੀ ਹਦਾਇਤ ਹੈ
ਕਿ ਮੇਰੀ ਕਵਿਤਾ ਦੇ ਨਹੁੰ ਵਧ ਗਏ ਨੇ...