ਆ ਵੜੀ ਹੈ ਕਵਿਤਾ,
ਅਛੋਪਲੇ ਜਿਹੇ ਤੇ ਅਣਜਾਣੇ
ਦੰਭ ਦੇ ਚੱਕਰਵਿਹੂ ਵਿਚ
ਆ ਫਸੇ ਜਿਵੇਂ ਕੋਈ
ਯਾਤਰੀ ਅਣਜਾਣ
ਉੱਚਕਿਆਂ ਦੇ ਘੇਰੇ ਵਿੱਚ
ਆਪਣੀ ਮਾਸੂਮੀਅਤ
ਤੇ ਦਿਲ ਦੀ ਸਾਦਕੀ ਸਮੇਤ
ਜਾਂ ਘਿਰ ਜਾਏ ਸੂਹਾ ਗੁਲਾਬ
ਮੁਸ਼ਕੀ ਕੋਈ ਹਵਾ ਵਿੱਚ
ਲੜਨੀ ਪੈ ਰਹੀ ਹੈ ਕਵਿਤਾ ਨੂੰ
ਆਪਣੀ ਮੁਕਤੀ ਦੀ ਲੜਾਈ
ਹੁਣ ਪ੍ਰਤੀਕਾਂ ਤੋਂ ਨਹੀਂ ਬਣਦੀ ਕਵਿਤਾ
ਇਹ ਬਣ ਗਈ ਹੈ ਖ਼ੁਦ
ਆਮ ਆਦਮੀ ਦੀ ਪ੍ਰਤੀਕ
ਸਿੱਧੇ ਸਾਦੇ ਸ਼ਬਦਾਂ ਵਾਲੀ
ਉਸ ਦੀ ਵਲ ਛਲ ਰਹਿਤ
ਭਾਸ਼ਾ ਸਮੇਤ
ਕਵਿਤਾ ਅੰਦਰ ਅੱਖ ਜਾਗੀ
ਚੇਤਨਾ ਦੀ
ਸਿੱਖ ਰਹੀ ਇਹ ਹੌਲੀ ਹੌਲੀ
ਕੀ ਹੁੰਦੀ ਹੈ ਚਲਾਕੀ ਦੀ ਤਾਕਤ
ਕੀ ਹੁੰਦੀ ਹੈ ਤਾਕਤ ਦੀ ਚਲਾਕੀ
ਬਚਾਉਣਾ ਹੈ ਇਸ ਨੇ ਹੁਣ
ਆਪਣੀ ਤੇ ਆਮ ਆਦਮੀ ਦੀ
ਮਾਸੂਮੀਅਤ ਤੇ ਸਾਰੀ ਸਾਦਗੀ ਨੂੰ
ਤੋੜਨਾ ਪੈਣਾ ਹੈ ਇਸ ਨੂੰ
ਦੰਭ ਦਾ ਚੱਕਰਵਿਹੂ ।