ਕਵੀ ਦਾ ਕਮਾਲ ਵੇਖੋ,
ਕਵਿਤਾ ਦੀ ਚਾਲ ਵੇਖੋ,
ਪੈ ਰਹੀ ਧਮਾਲ ਵੇਖੋ,
ਛਾਏ ਰਹੋ ਮਿੱਤਰੋ।
ਕਰਕੇ ਤਿਆਰੀ ਯਾਰੋ,
ਲਿਖਣਾ ਮਿਆਰੀ ਯਾਰੋ,
ਫੁੱਲਾਂ ਦੀ ਕਿਆਰੀ ਯਾਰੋ,
ਗੱਲ ਕਰੋ ਮਿੱਤਰੋ।
ਕਾਲ਼ੀ ਬੋਲ਼ੀ ਰਾਤ ਆਈ,
ਤਾਰਿਆਂ ਦੇ ਸਾਥ ਆਈ,
ਬੁੱਲ੍ਹਾਂ ਉੱਤੇ ਬਾਤ ਆਈ,
ਸੁਣੋ ਯਾਰੋ ਮਿੱਤਰੋ।
ਸੱਚੀ ਕੋਈ ਬਾਤ ਛੇੜੋ
ਝੂਠ ਦੀ ਬਰਾਤ ਘੇਰੋ
ਜਾਗ ਜੋ ਪੰਜਾਬੀ ਸ਼ੇਰੋ
ਪਿੜ ਵਿੱਚ ਨਿੱਤਰੋ।
ਕਾਵਾਂ ਨੇ ਹੈ ਕੂੰਜ ਘੇਰੀ
ਕਰਦੇ ਹੋ ਮੇਰੀ ਤੇਰੀ
ਜਾਲਮਾਂ ਦੀ ਅੱਖ ਗਹਿਰੀ
ਇੱਕ ਹੋ ਜੋ ਮਿੱਤਰੋ।
ਰੌਸ਼ਨੀ ਦੀ ਬਾਤ ਛੇੜੋ
ਸਾਂਭੇ ਜਜ਼ਬਾਤ ਛੇੜੋ
ਰੂਹ ਵਾਲਾ ਰਾਗ ਛੇੜੋ
ਚੁੱਪੀ ਤੋੜ ਮਿੱਤਰੋ
ਸ਼ਮੀ ਜੇ ਨਾ ਅੱਜ ਬੋਲੇ
ਦਿਲ ਵਾਲੀ ਘੁੰਡੀ ਖੋਲ੍ਹੇ
ਦੱਸੋ ਫਿਰ ਕਦੋਂ ਬੋਲੇ
ਬੋਲੇ ਕਦੋਂ ਮਿੱਤਰੋ।