ਕਵਿਤਾ ਕਿਤੇ ਨਹੀਂ ਗਈ
ਏਥੇ ਕਿਤੇ ਹੀ ਹੋਣੀ
ਹੁਣੇ ਤਾਂ ਚੁਗਦੀ ਸੀ ਕਾਲ ਕਲੀਟੇ
ਲੇਖ ਆਪਣੇ
ਕੂੜੇ ਦੇ ਢੇਰ ਤੋਂ
ਮਿੱਟੀ ਚ ਬਣਾਉਂਦੀ ਢਾਉਂਦੀ ਸੀ
ਸੁਪਨਿਆਂ ਦੇ ਨਿੱਕੇ ਨਿੱਕੇ ਘਰ
ਰੋੜੀ ਕੁੱਟਦੀ
ਮਮਤਾ ਦਾ ਰੂਪ ਖਿਲਾਰ ਕੇ
ਨੇੜੇ ਖੇਡ ਰਹੀ ਸੀ ਮੇਰੀ ਨਜ਼ਮ
ਛਣਕਣੇ ਨਾਲ
ਮੈਂ ਦੇਖੀ ਤੇ ਫਿਰ ਲਿਖੀ
ਲੁੱਕ ਪਾਉਂਦੇ
ਬੂਟਾਂ ਨਾਲ ਲੱਗੀ ਹੋਈ ਸੀ
ਤੁਰੀ ਫਿਰਦੀ ਸੀ ਨੱਚਦੀ
ਨਿੱਕੇ ਨਿੱਕੇ ਬੱਚਿਆਂ ਦੀਆਂ
ਨਜ਼ਰਾਂ ਵਿਚ
ਖਾਣੇ ਨਾਲ ਸਜੇ ਮਹਿਕਦੇ
ਪੰਡਾਲ ਦੇ ਬਾਹਰ ਖੜ੍ਹੀ ਦੇਖੀ ਲਲਚਾਉਂਦੀ
ਕਵਿਤਾ ਕਿਤੇ ਨਹੀਂ ਗਈ
ਪਸੀਨੇ ਨਾਲ ਭਿੱਜੇ
ਕੁੜਤੇ ਫ਼ਟੇ ਪਜਾਮੇ ਵਿੱਚ
ਸ਼ਾਮ ਨੂੰ ਮਿਹਨਤ ਬਾਅਦ
ਉੱਜਰਤ ਲਈ ਤਰਲੇ ਕੱਢਦੀ ਸੀ
ਧਨਾਢ ਬਾਬੂ ਅੱਗੇ
ਰਿਕਸ਼ਾ ਚਲਾ ਰਹੀ ਸੀ
ਤਪਦੀ ਧੁੱਪ ਵਿਚ
ਸਵਾਰੀ ਨੂੰ ਛਾਂ ਵਿਚ ਬਿਠਾ ਕੇ
ਰੰਬਾ ਦਾਤਰੀ ਚੁੱਕੀ ਫਿਰਦੀ ਸੀ
ਘਾਹ ਲਈ ਲੰਬੜਾਂ ਦੇ ਖੂਹ ਤੇ
ਬਰਤਨ ਮਾਂਜਦੀ
ਪੋਚੇ ਲਾਉਂਦੀ
ਪੈਰਾਂ ਚ ਝਾਂਜਰਾਂ ਛਣਕਦੀਆਂ ਸੀ ਓਹਦੇ
ਕਵਿਤਾ ਕਿਤੇ ਨਹੀਂ ਗਈ