ਕਵਿਤਾ ਪੁੱਛਦੀ
ਕਿੰਝ ਆਵਾਂ
ਘੁੱਪ ਹਨ੍ਹੇਰੀ ਰਾਤਾਂ ਵਿੱਚ
ਆਸ ਦਾ ਦੀਵਾ ਬਲਦਾ ਨਹੀਂ ਦਿਸਦਾ
ਮਨਾਂ ਵਿੱਚ ਨਿਰਾਸ਼ਾ ਦਾ ਹਨ੍ਹੇਰਾ
ਗੁੰਮ ਸੁੰਮ ਖਲਕਤ
ਕੋਈ ਆਸ ਦਾ ਚਾਨਣ ਨਹੀਂ ਦਿਸਦਾ
ਜ਼ੁਲਮ ਜ਼ਬਰ ਦਾ ਜ਼ੋਰ
ਘਟਾ ਚੜ੍ਹੀ ਘਨਘੋਰ
ਮਨਾਂ ਵਿੱਚ ਡਰ ਦਾ ਸ਼ੋਰ
ਕੋਈ ਤੇਗ ਲਿਸ਼ਕਾਉਂਦਾ ਨਹੀਂ ਦਿਸਦਾ
ਖੁੰਝ ਗਈ ਮਨੁੱਖਤਾ ਰਾਹਾਂ ਤੋਂ
ਪਾਪਾਂ ਦੀ ਘੁੰਮਣ ਘੇਰੀ ਨੇ
ਮਨੁੱਖ ਉਲਝਾਇਆ ਮੇਰੀ ਮੇਰੀ ਨੇ
ਤੂੰ ਦੀ ਬਾਤ ਕੋਈ ਪਾਉਂਦਾ ਨਹੀਂ ਦਿੱਸਦਾ
ਸਬਰ ਸਿਦਕ ਧਰਦਾ ਨਹੀਂ
ਜਿਵੇਂ ਧੱਕਾ ਕੀਤੇ ਬਿਨ ਸਰਦਾ ਨਹੀਂ
ਰੂਹ ਕੁਰਲਾਉਂਦੀ ਹੈ ਹਰਦਮ
ਕੋਈ ਦਰਦ ਵੰਡਾਉਂਦਾ ਨਹੀਂ ਦੱਸਦਾ
ਕਵਿਤਾ ਪੁੱਛੇ ਮੈਂ ਆਵਾਂ ਕਿੰਜ
ਤੇਰੇ ਦਿਲ ਦੀਆਂ ਬਾਤਾਂ ਪਾਵਾਂ ਕਿੰਜ
ਇਹ ਦੁਨੀਆਂ ਘੁੱਪ ਹਨ੍ਹੇਰੀ ਏ
ਦੀਵਾ ਕੋਈ ਚਾਨਣ ਚਮਕਾਉਂਦਾ ਨਹੀਂ ਦਿਸਦਾ