ਸਤਿ ਕਰਤਾਰ ਲਿਖੇ ਬਿਨਾਂ, ਕਵਿਤਾ ਨਹੀਂ ਪੂਰੀ ਹੁੰਦੀ ਮੇਰੀ।
ਸਤਿ ਕਰਤਾਰ ਲਿਖਦਿਆਂ ਹੀ, ਕਵਿਤਾ ਲਿਖ ਹੋ ਜਾਂਦੀ ਏ।
ਸਤਿ ਕਰਤਾਰ ਲਿਖ ਲੱਗਦਾ ਮੈਨੂੰ, ਲਿਖੀ ਗਈ ਕਵਿਤਾ।
ਸਤਿ ਕਰਤਾਰ ਕਹਾਂ ਤਾਂ ਲੱਗੇ, ਕਵਿਤਾ ਗਾਈ ਜਾਂਦੀ ਏ।
ਮੈਨੂੰ ਲੱਗੇ ਮੈਂ ਮਾਂ ਦੇ ਦੁੱਧ ਨੂੰ, ਮੂੰਹ ਜਦੋਂ ਕਦੇ ਲਾਇਆ ਹੋਊ।
ਦੁੱਧ ਪਿਆਉਣ ਲੱਗੀ ਉਸ, ਸਤਿ ਕਰਤਾਰ ਧਿਆਇਆ ਹੋਊ।
ਪਹਿਲੀ ਨਜ਼ਰ ਹੀ ਨਜ਼ਰੀਂ ਚਾੜ 'ਤੀ, ਗੁੜਤੀ ਐਸੀ ਚੁੰਘ ਲਈ।
ਨਾਨਕ ਸਾਹਿਬ ਦੇ ਨਾਮ ਦੀ ਘੁੱਟੀ, ਪੀਤੀ ਨਾਲ਼ੇ ਸੁੰਘ ਲਈ।
ਬਾਕੀ ਅੱਖਰ ਦੇਣ ਨਜ਼ਾਰਾ ਪਰ ਸਤਿ ਕਰਤਾਰ ਦੀ ਕੀ ਕਹਾਂ।
ਕਵਿਤਾ ਦਾ ਘੜ ਬਹਾਨਾ, ਅਵਾਜ਼ਾਂ ਮੈਂ ਸਤਿ ਕਰਤਾਰ ਦਿਆਂ।
ਬਾਕੀ ਗੱਲਾਂ ਧਰਤੀ ਜਿਊਣ ਲਈ, ਦੁਨੀਆਦਾਰੀ ਲਾਂਘੇ ਨੇ।
ਜਾਂ ਕੁਦਰਤ ਦੀ ਗੱਲ ਕਰਨ ਲਈ, ਲਫ਼ਜ਼ ’ਕੱਠੇ ਕਰ ਸਾਂਭੇ ਨੇ।
ਸਤਿ ਦਾ ਮਤਲਬ ਕੁਦਰਤ ਹੁੰਦਾ, ਕਰਤੇ ਨਾਮ ਕਰਤਾਰ।
ਜਿਹੜਾ ਜੰਮੇ, ਪਾਲ਼ੇ, ਮਾਰੇ, ਉਹੀ ਆਪੇ ਕਰੇ ਪਸਾਰ।
ਸਰਬ ਤਾਂ ਲੋਕੋ ਸਤਿ ਕਰਤਾਰ ਕਹਿ, ਕਰਦੀ ਕਵਿਤਾ ਪੂਰੀ।
ਨਾਨਕ ਸਾਹਿਬ ਦੀ ਦਇਆ ਹੋਵੇ ਤਾਂ ਲੱਗਦੀ ਨਹੀਂ ਅਧੂਰੀ।
ਧੰਨ ਗੁਰੂ, ਧੰਨ ਉਹਦੀ ਲੁਕਾਈ, ਪੜ੍ਹਨ ਕੁਚੱਜੀ ਜੋ ਕੁਚੱਜ।
ਪੜ੍ਹ-ਪੜ੍ਹ ਫਿਰ ਜੋ ਮੁਸਕਾਉਂਦੇ, ਵੇਖ ਕੇ ਡਾਢੇ ਦੇ ਹੱਥ ਲੱਜ।
ਸਤਿ ਕਰਤਾਰ ਲਿਖਣ ਲੱਗੇ ਕਵਿਤਾ ਉਸ ਨਜ਼ਰ ਚੜ੍ਹ ਜਾਂਦੀ ਏ।
ਸਰਬ ਤੋਂ ਵਾਰ-ਵਾਰ ਗਵਾਵੇ, ਜਦ ਉਹਦੇ ਮਨ ਭਾਉਂਦੀ ਏ।