ਕਵਿਤਾ ਤਾਂ ਹੁੰਦੀ ਹੈ ਕਵਿਤਾ

ਕਵਿਤਾ ਤਾਂ ਹੁੰਦੀ ਹੈ

ਕਵਿਤਾ

ਲਿਖੇ ਜਾਣ ਤੋਂ ਪਹਿਲਾਂ....

ਕਤਰੇ ਵੇਤਰੇ ਸ਼ਬਦ ਤਾਂ ਬਣਦੇ

ਉਸਦਾ ਲਿਬਾਸ

ਜਿਸ ਤੋਂ ਹੋਵੇ ਇਹੋ ਅਹਿਸਾਸ

ਇੱਥੇ ਜਿਹੇ ਕਵਿਤਾ ਹੈ

ਬਿਰਾਜਮਾਨ।

ਅਸੀਂ 

ਉਸਦੇ ਖ਼ਿਆਲ ਨਾਲ

ਆਪਣੇ ਆਪ ਸੁਰ ਕਰਦੇ ਹਾਂ

ਜਿੰਨਾ ਕੁ ਸੁਰ ਕਰਦੇ ਹਾਂ

ਕਰ ਲੈਂਦੇ ਹਾਂ 

ਕਵਿਤਾ ਸਾਖਿਆਤ

ਪਰ 

ਦਰਦ ਦਾ ਕਦੋਂ ਹੋਇਐ!

ਮੁਕੰਮਲ ਬਿਆਨ

ਕਵਿਤਾ ਤਾਂ ਹੁੰਦੀ ਹੈ

ਹੂਕ

ਤੇ ਹੂਕ ਕਦੋਂ ਧਾਰੇ

ਸਗਵਾਂ ਸ਼ਬਦਾਕਾਰ?

ਤੇ ਅਣਕਹੇ ਦਾ ਕੌਣ ਕਰ ਸਕੇ?

ਅਰਥ ਸਾਰ

ਅਨੁਵਾਦ

ਬੰਨ੍ਹ ਬੰਨ੍ਹ

ਮਿੱਥਕ, ਰੂਪਕ, ਅਲੰਕਾਰ

ਕਵਿਤਾ ਤਾਂ ਹੁੰਦੀ ਹੈ

ਲਿਖੇ ਜਾਣ ਤੋਂ ਪਹਿਲਾਂ

ਤੇ ਜਿਸਨੂੰ 

ਅਸੀਂ ਤੁਸੀਂ ਲਿਖਣ ਲਗਦੇ ਹਾਂ

ਵਾਰ ਵਾਰ 

ਨਵੇਂ ਤਰ੍ਹਾਂ

📝 ਸੋਧ ਲਈ ਭੇਜੋ