ਮਹਿਬੂਬ ਵਰਗੀ ਹੁੰਦੀ ਕਵਿਤਾ
ਥੋੜ੍ਹਾ ਜਿਹਾ ਧਿਆਨ ਨਾ ਦਿਓ
ਤਾਂ ਇਹ ਰੁੱਸ ਜਾਂਦੀ
ਮੁੜ ਦੇਰ ਤੱਕ ਨਾ ਮੰਨਦੀ
ਥੋੜ੍ਹੀ ਦੇਰ
ਤੁਸੀਂ ਇਸ ਦੇ ਮੁੜਨ ਦੀ
ਉਡੀਕ ਕਰਦੇ
ਸੋਚਦੇ
ਕੁਝ ਦਿਨ ਬਾਅਦ
ਪਰਤ ਆਏਗੀ ਆਪੇ
ਪਰ ਕਵਿਤਾ
ਮਹਿਬੂਬ ਵਾਂਗ ਹੁੰਦੀ
ਉਹ ਨਹੀਂ ਆਉਂਦੀ
ਆਪਣੇ-ਆਪ
ਭੁਲਾ ਦਿੰਦੀ ਤੁਹਾਨੂੰ
ਛੱਡ ਦਿੰਦੀ ਤੁਹਾਨੂੰ
ਆਪਣੇ ਰਹਿਮੋਂ ਕਰਮ ਤੇ
ਤੁਸੀਂ ਕੁਝ ਕੁ ਦੇਰ
ਬੇਗਾਨੀਆਂ ਵਾਦੀਆਂ ’ਚ ਭਟਕਦੇ
ਕਵਿਤਾਵਾਂ ਲਿਖਣ ਦੀ ਥਾਂ
ਕਵਿਤਾਵਾਂ ਦੀਆਂ ਪੁਸਤਕਾਂ ਦੇ
ਵਰਕੇ ਪਲਟਦੇ
ਕੁਝ ਦੇਰ
ਬੇਗਾਨੀਆਂ ਕਵਿਤਾਵਾਂ ’ਚ ਪਰਚਦੇ
ਹੌਲੀ ਹੌਲੀ ਪਰ
ਤੁਹਾਨੂੰ ਫੇਰ ਆਪਣੀਆਂ
ਕਵਿਤਾਵਾਂ ਦੀ ਯਾਦ ਆਉਂਦੀ
ਬਹੁਤ ਸਤਾਉਂਦੀ
ਤੁਸੀਂ ਕਵਿਤਾ ਨੂੰ ਮਨਾਉਂਦੇ
ਪਰ ਉਹ ਨਹੀਂ ਮੰਨਦੀ
ਤੁਸੀਂ ਮਨਾਉਂਦੇ
ਕਿੰਨੀਆਂ ਮਿੰਨਤਾਂ ਕਿੰਨੇ ਤਰਲੇ
ਉਹ ਫਿਰ ਅਚਾਨਕ ਮੁਸਕਰਾਉਂਦੀ
ਹੌਲੀ-ਹੌਲੀ
ਮਤਵਾਲੀ ਤੋਰ ਤੁਰਦੀ
ਉਹ ਫੇਰ ਤੁਹਾਡੇ ਕੋਲ ਆਉਂਦੀ
ਤੁਹਾਡਾ ਮਨ
ਫਿਰ ਸ਼ਬਦਾਂ
ਫਿਰ ਪਿਆਰ ਨਾਲ ਭਰ ਉੱਠਦਾ
ਵਿਯੋਗ ਦਾ ਸਮਾਂ ਮਨਫੀ ਹੁੰਦਾ
ਲੱਗਦਾ
ਜਿਵੇਂ ਤੁਸੀਂ ਤੇ ਉਹ
ਕਦੇ ਵਿਛੜੇ ਹੀ ਨਹੀਂ ਸੀ।