ਕਵਿਤਾ  

ਤੁਹਾਡੇ ਮਨ ਦੇ ਵਲਵਲਿਆਂ ਚੋਂ  

ਜਨਮ ਲੈਂਦੀ 

ਸਿਰਜਦੀ ਆਪਣੇ ਆਪ ਨੂੰ  

ਤੁਹਾਡੇ ਅਹਿਸਾਸਾਂ ਦੇ ਨਾਲ  

ਤੁਹਾਡੀ ਰਗ ਰਗ ਵਿੱਚ  

ਸਮਾ ਜਾਂਦੀ  

ਵਾਵਰੋਲੇ ਵਾਂਗ  

ਦਿਲ ਦਿਮਾਗ ਤੇ ਛਾ ਜਾਂਦੀ  

ਉੱਠਦੀ ਹੈ ਕਵਿਤਾ  

ਦਿਲ ਦੀ ਟੀਸ ਵਿੱਚੋਂ  

ਬਿਰਹਣ ਦੀਆਂ ਕੂਕਾਂ  ਵਿਚੋਂ 

ਵਸਲ ਦੇ ਨਿੱਘ ਵਿੱਚੋਂ  

ਇੰਤਜ਼ਾਰ ਵਿਚ ਬੀਤਦੀਆਂ ਘੜੀਆਂ ਵਿਚੋਂ  

ਦੁੱਖ ਨਾਲ ਵਲੂੰਧਰੇ ਹਿਰਦਿਆਂ ਵਿੱਚੋਂ  

ਭੁੱਖ ਨਾਲ ਕਸਮਸਾਉਦੇ ਢਿੱਡ ਵਿੱਚੋਂ 

ਗਲ ਪਈਆਂ ਪਾਟੀਆਂ ਲੀਰਾਂ ਵਿੱਚੋਂ  

ਵਿਜੋਗਣ ਦੇ ਬੁੱਲ੍ਹਾਂ ਤੇ ਸਿੱਕਰੀ ਵਿੱਚੋਂ  

ਗਲਵੱਕੜੀ ਨੂੰ ਤਰਸਦੀਆਂ ਬਾਹਵਾਂ ਵਿੱਚੋਂ  

ਸੁੰਨੀ ਹੋ ਜਾਣ ਵਾਲੀ ਮਾਂ ਦੀ ਕੁੱਖ ਵਿੱਚੋਂ  

ਪੁੱਤ ਦੀ ਚਿਖਾ ਬਾਲ ਕੀ ਆਏ  ਪਿਓ  ਦੀਆਂ ਸੁੰਨੀਆਂ ਅੱਖਾਂ ਵਿੱਚੋਂ

ਵਿਦੇਸ਼ ਗਏ ਪੁੱਤ ਨੂੰ ਵੇਖਣ ਲਈ ਤਰਸਦੀਆਂ ਅੱਖਾਂ ਵਿੱਚੋਂ  

ਜੰਗ ਤੇ ਗਏ  ਫ਼ੌਜੀ ਦੀਆਂ  

ਚਿੱਠੀਆਂ ਵਿੱਚੋਂ  

ਹਰ ਉਸ ਥਾਂ ਤੋਂ ਫੁੱਟਦੀ ਹੈ ਕਵਿਤਾ  

ਜਿੱਥੋਂ ਫੁੱਟਦੇ ਨੇ ਜਜ਼ਬਾਤ

📝 ਸੋਧ ਲਈ ਭੇਜੋ