ਉਸ ਨੂੰ ਪਤਾ ਹੈ ਕਿ ਸ਼ਬਦਾਂ ਦੇ ਪਿੱਛੇ
ਕਿੰਨੇ ਚੇਹਰੇ ਨੰਗੇ ਹੋ ਚੁੱਕੇ ਹਨ
ਅਤੇ ਕਤਲ ਹੁਣ ਲੋਕਾਂ ਦੀ ਦਿਲਚਸਪੀ ਨਹੀਂ-
ਦਤ ਬਣ ਚੁੱਕਿਆ ਹੈ।
ਉਹ ਕਿਸੇ ਉਜੱਡ ਆਦਮੀ ਦੀ ਉਕਤਾਹਟ ਤੋਂ
ਪੈਦਾ ਹੋਈ ਸੀ ਅਤੇ
ਇਕ ਪੜ੍ਹੇ-ਲਿਖੇ ਆਦਮੀ ਦੇ ਨਾਲ਼
ਸ਼ਹਿਰ ਵਿੱਚ ਚਲੀ ਗਈ
ਇੱਕ ਸੰਪੂਰਨ ਔਰਤ ਹੋਣ ਤੋਂ ਪਹਿਲਾਂ ਹੀ
ਜਣੇਪੇ ਦੀ ਕਿਰਿਆ ਚੋਂ ਲੰਘਦੇ ਹੋਏ
ਉਸ ਨੇ ਜਾਣਿਆ ਕਿ ਪਿਆਰ
ਸੰਘਣੀ ਆਬਾਦੀ ਵਾਲੀਆਂ ਬਸਤੀਆਂ ਵਿੱਚ
ਮਕਾਨ ਦੀ ਤਲਾਸ਼ ਹੈ
ਲਗਾਤਾਰ ਬਾਰਸ਼ ਵਿੱਚ ਭਿਜਦੇ ਹੋਏ
ਉਸ ਨੇ ਜਾਣਿਆ ਕਿ ਹਰ ਕੁੜੀ
ਤੀਜੇ ਗਰਭਪਾਤ ਤੋਂ ਬਾਅਦ
ਧਰਮਸ਼ਾਲਾ ਹੋ ਜਾਂਦੀ ਹੈ ਅਤੇ ਕਵਿਤਾ
ਹਰ ਤੀਜੇ ਪਾਠ ਤੋਂ ਬਾਅਦ
ਨਹੀਂ- ਹੁਣ ਉਥੇ ਅਰਥ ਲੱਭਣਾ ਵਿਅਰਥ ਹੈ
ਪੇਸ਼ੇਵਰ ਭਾਸ਼ਾ ਦੇ ਤਸਕਰ-ਇਸ਼ਾਰਿਆਂ
ਅਤੇ ਬਲਦ ਮੂਤਰੀ ਲਿਖਾਈ ਚੋਂ
ਅਰਥ ਲੱਭਣਾ ਵਿਅਰਥ ਹੈ
ਹਾਂ, ਜੇ ਹੋ ਸਕੇ ਤਾਂ ਬਗਲ ਦੇ ਲੰਘਦੇ ਹੋਏ ਆਦਮੀ ਨੂੰ ਕਹੋ-
ਲਓ, ਇਹ ਰਿਹਾ ਤੁਹਾਡਾ ਚੇਹਰਾ,
ਇਹ ਜਲੂਸ ਦੇ ਪਿੱਛੇ ਡਿੱਗ ਪਿਆ ਸੀ
ਇਸ ਸਮੇਂ ਏਨਾ ਹੀ ਕਾਫੀ ਹੈ
ਉਹ ਬਹੁਤ ਪਹਿਲਾਂ ਦੀ ਗੱਲ ਹੈ
ਜਦ ਕਿਤੇ ਕਿਸੇ ਉਜਾੜ ਵਿੱਚ
ਆਦਮ ਦਰਿੰਦਗੀ ਚੀਖ਼ਦੀ ਸੀ ਅਤੇ
ਸਾਰਾ ਨਗਰ ਤ੍ਰਭਕ ਪੈਂਦਾ ਸੀ
ਪਰ ਹੁਣ-
ਉਸ ਨੂੰ ਪਤਾ ਹੈ ਕਿ ਕਵਿਤਾ
ਘੇਰੇ ਵਿੱਚ
ਕਿਸੇ ਬੌਖਲਾਏ ਹੋਏ ਆਦਮੀ ਦਾ
ਸੰਖੇਪ ਏਕਲਾਪ ਹੈ