ਉਹ ਕਵਿਤਾ ਦੇ ਵਰਗੀ
ਕਹਿੰਦੀ
ਮੇਰੇ ਤੇ ਇੱਕ ਕਵਿਤਾ ਲਿਖ ਦੇ
ਆਪਣੇ ਸ਼ਬਦਾਂ ਦੇ ਵਿੱਚ ਮੇਰੇ
ਸਾਹਾਂ ਦੀ ਖ਼ੁਸ਼ਬੂ ਨੂੰ ਭਰ ਦੇ
ਆਪਣੇ ਲਫ਼ਜ਼ਾਂ ਦੇ ਵਿੱਚ
ਪਿਆਰ ਦੇ ਅੰਦਰ ਭਿੱਜੇ ਮੇਰੇ
ਦਿਲ ਦੀ ਸਿਲ੍ਹੀ ਧੜਕਨ ਲਿਖ ਦੇ..
ਕਿੰਝ ਦੱਸਾਂ ਕਿ
ਮੇਰੇ ਸ਼ਬਦਾਂ ਵਿੱਚ
ਉਸਦਾ ਸੋਹਣਾ ਮੁਖੜਾ
ਤੈਰ ਰਿਹਾ ਹੈ ਜਿਉਂ ਝੀਲ ਵਿੱਚ
ਕੋਈ ਚੰਦਰਮਾ ਰਾਤ ਪੁੰਨਿਆਂ ਦੀ
ਡੁਬਦਾ ਤਰਦਾ
ਮੇਰਿਆਂ ਖਾਬਾਂ ਦੇ ਵਿੱਚ ਆ ਕੇ
ਰੋਜ਼ ਹੀ ਉਸਦਾ ਚੰਚਲ ਚਿਹਰਾ
ਵਿੱਚ ਸੁਪਨਿਆਂ ਜਗਮਗ ਕਰਦਾ
ਕਿੰਝ ਆਖਾਂ ਕਿ ਮੇਰੇ ਦਿਲ ਦੇ
ਸੁੰਨੇ ਮਾਰੂਥਲ ਦੇ ਅੰਦਰ
ਉਹ ਕਿਸੇ ਚੰਚਲ ਬੱਦਲੀ ਵਾਂਗੂੰ
ਆ ਕੇ ਕਿਣਮਿਣ ਵਰ੍ਹ ਗਈ ਹੈ
ਮੇਰੇ ਉਜੜੇ ਨੈਣਾਂ ਦੇ ਵਿੱਚ
ਜੜੇ ਆਕਾਸ਼ੀਂ ਤਾਰਿਆਂ ਵਾਂਗੂੰ
ਕਿੰਨੇ ਸੁਪਨੇ ਧਰ ਗਈ ਹੈ
ਬੁਝ ਚੁੱਕੇ ਇਸ ਦਿਲ ਦੇ ਅੰਦਰ
ਚਿਣਗ ਜਿਉਣ ਦੀ ਧਰ ਗਈ ਹੈ
ਉਜੜੇ ਸੁੰਨ ਸਰਾਂ ਜੰਗਲ ਵਿੱਚ
ਪਿਆਰ ਦਾ ਚਾਨਣ ਭਰ ਗਈ ਹੈ
ਕਵਿਤਾ ਕਵਿਤਾ ਕਰ ਗਈ ਹੈ
ਉਹ ਜੋ ਖ਼ੁਦ ਕਵਿਤਾ ਵਰਗੀ ਹੈ
ਮੈਨੂੰ ਆਖੇ
ਮੇਰੇ ਤੇ ਇੱਕ ਕਵਿਤਾ ਲਿਖ ਦੇ।