ਹੱਦ ਹੁਣ ਦੀ ਭੰਨਦਾ ਜਾਂਦਾ ਕਿਆਸ,
ਖ਼ਬਰ ਨਹੀਂ ਸੀ ਮੋਅਜ਼ਜ਼ੇ ਹੋਣੇ ਕਦੀ।
ਭਾਵੇਂ ਆਪਣਾ ਆਪ ਨਹੀਂ ਹੁਣ ਆਪਣਾ,
ਆਪਣੀ ਦਿਸਦੀ ਹੈ ਕਰਨੀ ਰੱਬ ਦੀ !
ਹੋਸ਼ ਤੋਂ ਸਾਂਭੀ ਨਹੀਂ ਜਾਂਦੀ ਹੈ ਆਸ।
ਸਾਂਝ ਦੁਨੀਆਂ ਨਾਲ ਜੀਕਣ ਪੈ ਗਈ,
ਇਸ ਤਰ੍ਹਾਂ ਕੁਝ ਪੈ ਗਿਆ ਆਪਣਾ ਪਿਆਰ।
ਡੋਲਦਾ ਈਮਾਨ ਹੈ ਫਿਰ ਸੰਭਲਿਆ,
ਅੰਤ ਹੈ ਦਿਲ ਦਾ ਨਾ ਕੋਈ ਪਾਰਵਾਰ,
ਜਜ਼ਬਿਆਂ ਦੀ ਇੰਜ ਸੀਮਾ ਢਹਿ ਗਈ।
ਇਸ ਤਰ੍ਹਾਂ ਹਸਤੀ ਨੇ ਮਰਕਜ਼ ਪਾ ਲਿਆ
ਚੌਹੀਂ ਕੂੰਟੀਂ ਫੈਲੀਆਂ ਹਮਦਰਦੀਆਂ
ਨਾ ਕੋਈ ਵੈਰੀ ਨਾ ਬੇਗਾਨਾ ਰਿਹਾ
ਰੂਹ ਦੀਆਂ ਵਿੱਥਾਂ ਵੀ ਜਾਵਣ ਭਰਦੀਆਂ
ਹਰ ਨਜ਼ਾਰਾ ਖ਼ੂਬਸੂਰਤ ਹੋ ਗਿਆ।
ਉਲਝੀਆਂ ਲੀਕਾਂ 'ਚੋਂ ਮੂਰਤ ਬਣ ਗਈ,
ਮਿਲ ਗਏ ਖ਼ਾਕੇ ਨੂੰ ਜੋ ਚਾਹੀਦੇ ਰੰਗ।
ਪਾ ਲਿਆ ਭਟਕਣ ਨੇ ਮਕਸਦ ਮੋੜ ’ਤੇ
ਜ਼ਿੰਦਗਾਨੀ ਅਰਥ ਆਪਣੇ ਤੇ ਹੀ ਦੰਗ।
ਜਿਊਣ ਦੀ ਰੰਗੀਨ ਸੂਰਤ ਬਣ ਗਈ।
ਜਿੰਦ ਨੂੰ, ਤੇਰੀ ਨਜ਼ਰ ਦਾ ਵਾਸਤਾ,
ਸੁਪਨਿਆਂ ਦੀ ਪਾਹ ਜਹੀ ਲੱਗੀ ਰਹੇ।
ਮੋਅਜਜ਼ੇ ਦਾ ਭਰਮ ਨਾ ਟੁੱਟੇ ਕਦੀ
ਹਰ ਅਥਾਹ ਦੀ ਥਾਹ ਜਹੀ ਲੱਗੀ ਰਹੇ।
ਮੁਸਕਰਾਂਦੀ ਹੀ ਰਹੇਂ ਦਿਸਦੀ ਸਦਾ !
ਇਸ਼ਕ ਦਾ ਈਮਾਨ ਹੁਣ ਬਚਿਆ ਰਹੇ !
ਤੈਨੂੰ ਦਿਲ, ਮੈਨੂੰ ਇਹ ਜੱਗ ਜੱਚਿਆ ਰਹੇ।