ਕੀ ! ਪਤਾ ਸੀ ਇਸ ਤਰ੍ਹਾਂ ਦੇ ਖ਼ਤ ਵੀ ਆਵਣਗੇ ਘਰੇ ।
ਪੜ੍ਹ ਲਏ ਤਾਂ ਮਰ ਗਏ ਜੇ ਨਾ ਪੜ੍ਹੇ ਤਾਂ ਵੀ ਮਰੇ।
’ਵਾ-ਵਰੋਲੇ ਇਸ ਤਰ੍ਹਾਂ ਬਿਰਖ਼ਾਂ ਨੂੰ ਖੋਹ ਕੇ ਲੈ ਗਏ,
ਜੇ ਖ਼ੁਦਾ ਹੋਵੇ ਤਾਂ ਇਸ ਨੂੰ ਵੇਖ ਕੇ ਉਹ ਵੀ ਡਰੇ।
ਜਿਸ ਤਰ੍ਹਾਂ ਦੁਨੀਆਂ ਨੂੰ ਛੱਡਕੇ ਹੈ ਚਲਾ ਜਾਂਦਾ ਕੋਈ,
ਇਸ ਤਰ੍ਹਾਂ ਘਰ ਆਪਣੇ ਛੱਡੇ ਅਸੀਂ ਖਾਲੀ ਕਰੇ।
ਏਸ ਮੌਸਮ ਨੂੰ ਅਸੀਂ ਦੇਈਏ ਤਾਂ ਨਾਂ ਦੇਈਏ ਵੀ ਕੀ?
ਏਸ ਮੌਸਮ ਦੇ ਬਿਰਖ਼ ਚੱਟੇ ਨਹੀਂ ਹੋਏ ਹਰੇ ।
ਨੈਣ ਸੁੰਞੇ, ਮਾਂਗ ਖ਼ਾਲੀ, ਬਿੱਖਰੇ ਝਾਂਜਰ ਦੇ ਬੋਰ,
ਬੁਝ ਗਏ ਸਰਦਲ ਤੇ ਦੀਵੇ ਕੌਣ? ਆਇਐ ਇਸ ਘਰੇ।
ਉੱਖੜੀ ਪਟੜੀ, ਸੜੇ ਡੱਬੇ ਅਤੇ ਜ਼ਖਮੀ ਸਵਾਰ,
ਇਹ ਖ਼ਬਰ ਹੀ ਪੜ੍ਹਨ ਨੂੰ ਮਿਲਦੀ ਹੈ ਮੈਨੂੰ ਦਿਨ ਚੜ੍ਹੇ।
ਚੁੱਪ ਜੇ ਸਾਡੀ ਬਰੂਹਾਂ ਤੇ ਇਵੇਂ ਬੈਠੀ ਰਹੀ,
ਕੀ ਕਰਾਂਗੇ! ਜਦ ਇਹ ਖ਼ਤਰੇ ਆਪਣੇ ਘਰ ਆ ਵੜੇ।