ਸੰਸਾ ਹੈ ਮੈਨੂੰ
ਕਿ ਹੁਣ ਨਹੀਂ ਨਸੀਬ ਹੋਣੀ
ਮੈਨੂੰ ਮੇਰੇ ਪਿੰਡ ਦੀ ਜੂ੍ਹ !
ਮੈਂ ਪਰਵਾਸ ਵਿਚ ਹੀ ਭੁਗਤਦੇ ਰਹਿਣੈ
ਇਹ ਉਮਰ ਕੈਦ
ਬਾਮੁਸ਼ੱਕਤ ਬਾਇਖਤਿਆਰ
ਮੇਰੀ ਜਿੰਦੜੀਏ ਬਾ-ਮੁਲਾਹਜ਼ਾ ਹੋਸ਼ਿਆਰ !
ਸੰਸਿਆਂ ਦੀ ਇਸ ਕਾਲ ਕੋਠੜੀ ‘ਚ
ਨਾ ਕੋਈ ਦੀਵਾ ਨਾ ਬੱਤੀ
ਯਾਦਾਂ ਦੀ ਲੋਅ 'ਚ
ਸੁਣਦੀ ਹਾਂ ਬੁੱਲੇ ਦੀਆਂ ਕਾਫ਼ੀਆਂ
ਨਾਨਕ ਦਾ ਸੰਗੀਤ
ਰੋਜ਼ ਬਣਾਉਂਦੀ ਹਾਂ ਤਦਬੀਰਾਂ
ਇਸ ਉਮਰ ਕੈਦ ਨੂੰ ਤੋੜਣ ਦੀਆਂ
ਰੋਜ਼ ਭੇਜਦੀ ਹਾਂ ਸਲਾਮ ਆਪਣੇ ਪਿੰਡ ਨੂੰ
ਰੋਜ਼ ਦਿੰਦੀ ਹਾਂ ਸੁਨੇਹੇ ਆਪਣੇ ਪੁਰਖਿਆਂ ਨੁੰ !
ਆਪਣੇ ਬੱਚਿਆਂ ਨੂੰ ਬਾਬਾ ਦੀਪ ਸਿੰਘ ਦੇ
ਤਲੀ ਤੇ ਸਿਰ ਧਰਨ ਦੀਆਂ
ਚਮਤਕਾਰੀ ਗੱਲਾਂ ਸੁਣਾਉਂਦੀ ਹਾਂ
ਆਪਣੇ ਸੂਰਬੀਰਾਂ ਯੋਧਿਆਂ ਦੀਆਂ
ਤਸਵੀਰਾਂ ਦਿਖਾਉਂਦੀ ਹਾਂ !
ਉਂਗਲੀ ਫੜ੍ਹ ਲੈ ਜਾਂਦੀ ਹਾਂ
ਇਹਨਾਂ ਨੂੰ ਐਤਵਾਰ-ਸਕੂਲ
ਤਾਂ ਕਿ ਇਹ ਪੰਜਾਬੀ ਬੋਲਣ
ਪੰਜਾਬੀ ਲਿਖਣ !
ਜਾ ਪਹੁੰਚਦੀ ਹਾਂ ਹਰ ਮੇਲੇ 'ਚ
ਕਿ ਜਾਣ ਲਵੇ ਮੇਰੀ ਅਗਲੀ ਪੀੜੀ
ਆਪਣਾ ਸਭਿੱਆਚਾਰ
ਆਪਣਾ ਸੰਗੀਤ !
ਪਰ ਉਹ ਸਿਰਫ਼ ਸਿਰ ਹਿਲਾਉਂਦੇ ਨੇ
ਵਿਦੇਸ਼ੀ ਭਾਸ਼ਾ ‘ਚ ਕੁਛ ਬੋਲਦੇ ਨੇ
ਜੋ ਮੈਨੂੰ ਸਮਝ ਨਹੀਂ ਆਉਂਦਾ !
ਮੈਂ ਸੋਚਦੀ ਰਹਿੰਦੀ ਹਾਂ
ਕਿ ਕਿਹੜੀ ਭਾਸ਼ਾ 'ਚ ਸੰਵਾਦ ਰਚਾਵਾਂ
ਕਿ ਉਹ ਸਮਝ ਸਕਣ
ਮੇਰੀ ਗੱਲ, ਮੇਰੀ ਜ਼ੁਬਾਨ,
ਮੇਰੇ ਸੰਸੇ, ਮੇਰੇ ਡਰ !
ਸੰਸਾ ਹੈ ਕਿ ਪਰਵਾਸ ਵਿਚ
ਗੁਆਚ ਜਾਏਗੀ ਮੇਰੀ ਅਗਲੀ ਪੀੜ੍ਹੀ,
ਮੇਰਾ ਸੱਭਿਆਚਾਰ,
ਮੇਰੇ ਸੰਸਕਾਰ !
ਬਹੁਤ ਜੀਅ ਕਰਦੈ ਇਸ ਕੈਦ ‘ਚੋਂ ਨਿਕਲਾਂ
ਇਨ੍ਹਾਂ ਨੂੰ ਲੈ ਚਲਾਂ ਉਸ ਥਾਂ
ਜਿ੍ਥੇ ਕੌੜੇ ਰੀਠੇ ਮਿੱਠੇ ਹੋਏ ਸੀ
ਜਿੱਥੇ ਬਾਬੇ ਨੇ ਹੇਠਾਂ ਡਿਗਦੇ ਪੱਥਰ
ਪੰਜੇ ਨਾਲ ਥੰਮੇ ਸੀ !
ਪਰ ਉਹ ਸਮਾਂ ਆਵੇਗਾ ਕਦ ?
ਡਰ ਹੈ ਮੈਨੂੰ
ਗਰੀਨ ਕਾਰਡ ਦੀ ਉਡੀਕ ਕਰਦਿਆਂ
ਕਿਤੇ ਵਕਤ ਇੰਜ ਹੀ ਬੀਤ ਜਾਵੇ ਨਾ
ਤੇ ਮੈਂ ਕਦੇ ਇਸ ਨਗਰੀ ਦੇ ਤਲਿੱਸਮ ਨੂੰ
ਤਿਆਗ ਹੀ ਨਾ ਸਕਾਂ
ਤੇ ਮੇਰੀ ਬਜਾਇ
ਮੇਰਾ ਡੱਬੇ ਬੰਦ ਵਜੂਦ ਹੀ ਮੇਰੇ ਪਿੰਡ ਪਰਤੇ
ਜਾਂ ਕੁੱਜੇਬੰਦ ਮੇਰੀ ਰਾਖ ਕੀਰਤਪੁਰ !