ਕਹਿ ਦਰਵੇਸ਼ ਗਿਆ ਛਿਪ ਦੂਰੀ,
ਰਮਜ਼ ਮਿਲੀ, ਪਰ ਰਹੀ ਅਧੂਰੀ।
ਛਮਕਾਂ ਮਾਰਨ ਡੂੰਘੀਆਂ ਵਾਟਾਂ,
ਦੂਰ ਉਦਾਸ ਧੂੜ ਵਿਚ ਟਾਪਾਂ।
ਤੱਕੀਆਂ ਪਾਣੀ ਭਰਦੀਆਂ ਨਾਰਾਂ,
ਲਹੂ-ਲੁਹਾਣ ਹੋਏ ਅਸਵਾਰਾਂ।
ਤੱਕਾਂ ਜਦ ਗੁਜਰਾਤ 'ਚ ਮੋਏ,
ਕੁਝ ਕੁਝ ਦਰਸ ਮਾਹੀ ਦਾ ਹੋਏ।
ਫ਼ਜਰ ਤੋਂ ਪਹਿਲਾਂ ਹੈ ਰੁਣਝੁਣਦੀ,
ਸੁਪਨ ਪਰੇ ਕੰਨਸੋਅ ਕੁਈ ਬੁਣਦੀ।
ਸਦੀਆਂ ਪਹਿਲਾਂ ਬਾਂਗ ਜਾਂ ਹੁਣ ਦੀ ?
ਬਾਹਰਵਾਰ ਬਗ਼ਦਾਦ ਦੇ ਸੁਣਦੀ।
ਜਲਵਾ ਜਦੋਂ ਇਲਾਹੀ ਛਾਏ,
ਖ਼ੂਨੀ ਰਣਾਂ ਦਾ ਸੁਪਨਾ ਆਏ।
ਸਾਈਂ ਦੂਰ, ਮਿਲਣ ਖ਼ੁਸ਼ਬੋਆਂ।
ਨੀਲ ਘੋੜ ਦੀਆਂ ਸੁਣਦੀਆਂ ਸੋਆਂ।
ਪਰ ਨ ਜਲਵਾ ਪੂਰਾ ਹੋਇਆ,
ਮੈਂ ਨ ਮਾਹੀ ਨਾਲ ਖਲੋਇਆ।
ਦਸਿਆ ਦਾਰ ਉੱਤੇ ਮਨਸੂਰਾਂ
“ਸੂਰਜ ਚੜ੍ਹਣ ਨ ਦਿਲ ਦੀਆਂ ਧੂੜਾਂ,
“ਜਦ ਤਕ ਦਾਰ ’ਤੇ ਪੈਣ ਨ ਭੂਰਾਂ
ਦਿਲ ਬਹਿਸ਼ਤ ਨਹੀਂ, ਨ ਹੂਰਾਂ।”
ਜਲਵਾ ਓਨਾ ਰੌਸ਼ਨ ਦਿਲ ਦਾ,
ਜਿਨ੍ਹਾਂ ਥਲ ਵਿਚ ਮਾਹੀ ਮਿਲਦਾ।
ਸਾਈਂ ਗਿਆ ਮੈਂ ਕੇਹਾ ਸੁਆਲੀ!
ਸੂਰਜ ਚੜ੍ਹਿਆ, ਅੱਖੀਆਂ ਖ਼ਾਲੀ।