ਕੇਹਾ ਰਿਸ਼ਤਾ

‘ਪ’ ਵਾਸਤੇ

ਇਸ ਵਾਰੀ ਜਦ ਫੇਰ ਸੀ 

ਤੇਰੇ ਸ਼ਹਿਰ ਉਤਰਿਆ 

ਸੰਘਣੇ ਬੱਦਲਾਂ ਦੇ ਪਰਛਾਵੇਂ 

ਕਿਣਮਿਣ ਦਾ ਸੰਗੀਤ ਜਿਹਾ ਸੀ 

ਤੇ ਮੇਰੇ ਸੁਆਗਤ ਲਈ 

ਕੁਝ ਮਿੱਤਰ ਮੁਸਕਾਣਾਂ

ਪਰ ਮੇਰੇ ਸੀਨੇ ਵਿਚ ਸੀ

ਗੂੜ੍ਹੀ ਖਾਮੋਸ਼ੀ

ਧੁਰ ਸੋਚਾਂ ਤਕ ਫੈਲੀ ਹੋਈ

ਚੜ੍ਹਦੀ ਉਮਰੇ ਅੱਧ-ਖੁੱਲ੍ਹਾ ਸੀ 

ਜੋ ਤੇਰੇ ਦਿਲ ਦਾ ਦਰਵਾਜ਼ਾ 

ਜਿਸ ’ਚੋਂ ਮੇਰੇ ਖ਼ਾਤਰ 

ਤੇਰੀਆਂ ਸਿੱਲ੍ਹੀਆਂ ਅੱਖਾਂ ਦੀ 

ਇਕ ਝਲਕ ਮਿਲੀ ਸੀ

ਜਿਸ ’ਜੋਂ ਤੇਰੇ ਪਿਘਲੇ ਹੋਏ ਬੋਲ 

ਮੇਰੇ ਦਿਲ ਤਕ ਸਨ ਪਹੁੰਚੇ 

ਉਹ ਸੰਦਲੀ ਦਰਵਾਜ਼ਾ 

ਮੇਰੇ ਲਈ ਐਸਾ ਬੰਦ ਹੋਇਆ 

ਖੁੱਲ੍ਹਣ ਦੀ ਗੁੰਜਾਇਸ਼ ਰਹੀ ਨਾ 

ਨਾ ਦਸਤਕ ਹੀ ਅੰਦਰ ਪਹੁੰਚੇ 

ਨਾ ਕੋਈ ਬੋਲ ਹੀ ਬਾਹਰ ਆਵੇ 

ਮਘਦੀ ਉਮਰ ਦੇ ਵਾਂਗ ਗੁਆਚੇ 

ਕਹਿਣ ਸੁਣਨ ਦੇ ਸਾਰੇ ਮੌਕੇ

ਮਨ ਵਿਚ ਫੈਲੇ ਸੰਸਿਆਂ ਵਰਗੇ 

ਸੰਘਣੇ ਬੱਦਲਾਂ ਦੀ ਛਾਂ ਹੇਠਾਂ 

ਸ਼ਹਿਰ ਤੇਰੇ ਵਿਚ ਮੁੜ ਕੇ ਆਉਣਾ 

ਆਪਣੇ ਵਿਚਲੀ ਵਿੱਥ ਨੂੰ 

ਪੂਰਨ ਦਾ ਇਕ ਤਰਲਾ 

ਮਹਾਂਸਾਗਰਾਂ ਨੂੰ ਤਾਂ 

ਸੌਖਾ ਪਾਰ ਕਰ ਲਿਆ 

ਕੁਝ ਕਦਮਾਂ ਦੀ ਵਿੱਥ 

ਉਲੰਘਣੀ ਔਖੀ ਹੋਈ

ਤੂੰ ਤਾਂ ਮੇਰੀ ਕੁਝ ਨਹੀਂ ਲੱਗਦੀ

ਨਾ ਹੀ ਮੈਂ ਤੇਰਾ ਕੁਝ ਲੱਗਦਾ

ਇਹ ਕੇਹੀ ਖਿੱਚ ਕੇਹਾ ਰਿਸ਼ਤਾ

ਪੁੱਛ ਰਿਹਾ ਹਾਂ

ਸੀਨੇ ਵਿਚਲੀ ਖ਼ਾਮੋਸ਼ੀ ਤੋਂ।

📝 ਸੋਧ ਲਈ ਭੇਜੋ