ਕੇਹਾ ਤੇਰਾ ਬਾਗ ਵੇ ਰੱਬਾ!
ਕੇਹਾ ਤੇਰਾ ਬਾਗ।
ਸੱਚ ਪਖੇਰੂ ਇੱਥੋਂ ਉੱਡ ਗਏ,
ਝੂਠ ਦੇ ਚੱਲਣ ਰਾਗ ਵੇ ਰੱਬਾ!
ਕੇਹਾ ਤੇਰਾ ਬਾਗ।
ਖ਼ੁਸ਼ੀਆਂ ਦੇ ਸਭ ਮੇਲੇ ਮੁੱਕ ਗਏ,
ਦੁੱਖਾਂ ਨੂੰ ਲੱਗ ਗਈ ਜਾਗ ਵੇ ਰੱਬਾ!
ਕੇਹਾ ਤੇਰਾ ਬਾਗ।
ਫੁੱਲਾਂ ਦੇ ਮੁੱਖੜੇ ਮੁਰਝਾ ਗਏ,
ਕੇਹੀ ਲੱਗ ਗਈ ਲਾਗ ਵੇ ਰੱਬਾ!
ਕੇਹਾ ਤੇਰਾ ਬਾਗ।
ਰਾਤ ਦੀ ਰਾਣੀ ਦੇ ਮੁੱਢਾਂ ਵਿੱਚ,
ਲੁਕ ਕੇ ਬਹਿ ਗਿਆ ਨਾਗ ਵੇ ਰੱਬਾ!
ਕੇਹਾ ਤੇਰਾ ਬਾਗ।
ਕੱਚੀਆਂ ਕਲੀਆਂ ਤੋੜ ਲੈ ਜਾਵਣ,
ਰਾਖੇ ਨੇ ਜੋ ਇਸ ਬਾਗ ਵੇ ਰੱਬਾ!
ਕੇਹਾ ਤੇਰਾ ਬਾਗ।
ਗੂੜ੍ਹੀ ਨੀਂਦਰ ਤੋਂ ਹੁਣ ਤਾਂ ਉੱਠਜਾ,
‘ਬੁੱਟਰ’ ਖੋਲ੍ਹ ਆਪਣੀ ਜਾਗ ਵੇ ਰੱਬਾ!
ਕੇਹਾ ਤੇਰਾ ਬਾਗ।’’