ਅਪਣਾ ਸਿਰ ਕਟਾ ਕੇ
ਤਲੀ 'ਤੇ ਟਿਕਾ ਕੇ
ਜੀਣਾ ਬਹੁਤ ਮੁਸ਼ਕਿਲ ਹੈ
ਪਰ ਆਪਣੇ ਮੱਥੇ ਵਿਚ
ਜੋਤ ਇਕ ਜਗਾ ਕੇ
ਦੁਨੀਆਂ ਦੇ ਝੱਖੜ 'ਚੋਂ
ਅਣਬੁਝੇ ਹੀ ਲੰਘ ਜਾਣਾ
ਇਹ ਵੀ ਕਿਹੜਾ ਸੌਖਾ ਹੈ ?
ਖੰਡੇ ਦੀ ਨੋਕ ਨਾਲ
ਦੁਨੀਆ ਨੂੰ ਚੀਰਦੀ ਹੋਈ
ਜੋ ਲਕੀਰ ਖਿੱਚੀ ਗਈ
ਉਸ ਦੇ ਉਰਵਾਰ ਪਾਰ
ਮੈਂ ਕਿਤੇ ਖਲੋਤਾ ਨਹੀਂ
ਜ਼ਾਲਮ ਮਜ਼ਲੂਮ ਤੋਂ ਬਗ਼ੈਰ
ਵਖਰੀ ਵੀ ਦੁਨੀਆ ਹੈ
ਨਿੱਕਾ ਜਿਹਾ ਵਰਤਮਾਨ
ਬੀਤ ਚੁਕੇ ਵੈਰੀ ਦੇ ਲੇਖੇ ਨਹੀਂ ਲਗ ਸਕਦਾ
ਵਿਛੜ ਗਏ ਮਿੱਤਰਾਂ ਨੂੰ ਅਰਪਣ ਨਹੀਂ ਹੋ ਸਕਦਾ
ਅਪਣੇ ਅਣਕਟੇ ਸਿਰ ਦਾ ਸਫ਼ਰ ਅਜੇ ਮੁੱਕਾ ਨਹੀਂ
ਕਿਸੇ ਦੇ ਕਟੇ ਸਿਰ ਨੂੰ
ਤਲੀ 'ਤੇ ਟਿਕਾ ਕੇ
ਕਰਾਮਾਤ ਕਰਨ ਲਈ ਮੈਂ ਅਜੇ ਨਹੀਂ ਰੁਕ ਸਕਦਾ
ਅਪਣੀ ਅਪਣੀ ਮੁਸ਼ਕਲ ਹੀ
ਅਪਣੀ ਅਪਣੀ ਦੌਲਤ ਹੈ
ਕਰਾਮਾਤ ਤੋਂ ਬਗ਼ੈਰ ਅਗਨ ਸਹਿਤ ਜੀਣਾ ਹੈ
ਜਿਤਨਾ ਵੀ ਜ਼ਹਿਰ ਹੈ ਆਪਣੀ ਡੀਕ ਪੀਣਾ ਹੈ
ਅਪਣੀ ਅਪਣੀ ਜੰਗ ਦਾ
ਅਪਣਾ ਹਥਿਆਰ ਹੈ
ਬੀਤ ਗਿਆ ਖੰਡਾ
ਮੇਰੇ ਕਿਸ ਕੰਮ ਆਏਗਾ
ਅਜ ਤਾਂ ਉਹੀ ਜੂਝੇਗਾ
ਅਪਣੇ ਮੱਥੇ ਵਿਚ
ਅਪਣੀ ਜੋਤ ਜੋ ਜਗਾਏਗਾ
ਅਪਣਾ ਸਿਰ ਕਟਾ ਕੇ
ਤਲੀ 'ਤੇ ਟਿਕਾ ਕੇ
ਜੀਣਾ ਬਹੁਤ ਮੁਸ਼ਕਿਲ ਹੈ
ਪਰ, ਅਪਣੇ ਮੱਥੇ ਵਿਚ
ਜੋਤ ਇਕ ਜਗਾ ਕੇ
ਦੁਨੀਆਂ ਦੇ ਝੱਖੜ 'ਚੋਂ,
ਅਣਬੁਝੇ ਹੀ ਲੰਘ ਜਾਣਾ
ਇਹ ਵੀ ਕਿਹੜਾ ਸੌਖਾ ਹੈ ?