ਕੇੜ੍ਹੇ ਦੇਸੋਂ ਆਈਓਂ ਨੀਂ

ਕੇੜ੍ਹੇ ਦੇਸੋਂ ਆਈਓਂ ਨੀਂ ਕੁੜੀਏ,

ਤੈਂ ਕੇਹਾ ਕੇਹਾ ਸ਼ੋਰ ਮਚਾਇਓ ਕਿਉਂ

ਅਪੁਨਾ ਸੂਤ ਤੈਂ ਆਪੁ ਵੰਝਾਇਆ,

ਦੋਸੁ ਜੁਲਾਹੇ ਨੂੰ ਲਾਇਓ ਕਿਉਂ ।ਰਹਾਉ।

ਤੇਰੇ ਅੱਗੇ ਅੱਗੇ ਚਰਖਾ,

ਪਿੱਛੇ ਪਿੱਛੇ ਪੀਹੜਾ,

ਕਤਨੀ ਹੈਂ ਹਾਲੁ ਭਲੇਰੇ ਕਿਉਂ ।1।

ਛੱਲੜੀਆਂ ਪੰਜ ਪਾਇ ਪਛੋਟੇ,

ਜਾਇ ਬਜਾਰ ਖਲੋਵੇਂ ਕਿਉਂ ।2।

ਨਾਲਿ ਸਰਾਫ਼ਾਂ ਦੇ ਝੇੜਾ ਤੇਰਾ,

ਲੇਖਾ ਦੇਂਦੀ ਤੂੰ ਰੋਵੇਂ ਕਿਉਂ ।3।

ਸਈਆਂ ਵਿਚ ਖਿਡੰਦੀਏ ਕੁੜੀਏ,

ਸਹੁ ਮਨਹੁ ਭੁਲਾਇਓ ਕਿਉਂ ।4।

ਰਾਹਾਂ ਦੇ ਵਿਚਿ ਅਉਖੀ ਹੋਸੇਂ,

ਇਤਨਾ ਭਾਰ ਉਠਾਇਓ ਕਿਉਂ ।5।

ਕਹੈ ਹੁਸੈਨ ਫ਼ਕੀਰ ਨਿਮਾਣਾ,

ਮਰਨਾ ਚਿਤਿ ਆਇਓ ਕਿਉਂ ।6।

📝 ਸੋਧ ਲਈ ਭੇਜੋ