ਖਾਲੀ ਸੀ ਇਸ ਲਈ ਘਰ 'ਚ ਦੋ ਬੂਟੇ ਲਗਾ ਲਏ।
ਮੈਂ ਇਸ ਤਰ੍ਹਾਂ ਹੀ ਜ਼ਿੰਦਗੀ ਦੇ ਦਿਨ ਲੰਘਾ ਲਏ।
ਖਿੜਕੀ ’ਚ ਕੱਲਾ ਚੰਦ ਵੀ ਕਾਫ਼ੀ ਉਦਾਸ ਸੀ,
ਮੈਂ ਉਸ ਲਈ ਅੰਬਰ ਤੋਂ ਦੋ ਤਾਰੇ ਚੁਰਾ ਲਏ।
ਉੱਜੜੇ ਘਰਾਂ ਦੇ ਵਿਚ ਦੀ ਲੰਘੇ ਜਿਵੇਂ ਹਵਾ,
ਦਿਲ ਵਿਚੋਂ ਤੇਰੀ ਯਾਦ ਨੇ ਰਸਤੇ ਬਣਾ ਲਏ।
ਮੈਂ ਜਿਸ ਗਿਰਾਂ ਵਿਚ ਰਹਿ ਰਿਹਾਂ ਕਾਫ਼ੀ ਗਰੀਬ ਹੈ,
ਲੋਕਾਂ ਨੇ ਸਿਰ 'ਤੇ ਸ਼ਹਿਰ ਦੇ ਕਰਜ਼ੇ ਚੜ੍ਹਾ ਲਏ।
ਉੱਠਿਆ ਹੀ ਜਾ ਸਕਿਆ ਨਹੀਂ ਕਾਫ਼ੀ ਬੀਮਾਰ ਸਾਂ,
ਦੀਵੇ ਨੂੰ ਬੁਝਦਾ ਵੇਖਕੇ ਜੁਗਨੂੰ ਬੁਲਾ ਲਏ ।
ਹੈ ਫੁੱਲ ਤੋੜਨਾ ਮਨ੍ਹਾਂ ਇਸ ਬਾਗ ਵਿਚੋਂ ਪਰ,
ਖ਼ੁਸ਼ਬੂ ਕੁਈ ਜਿੰਨੀਂ ਜੀਅ ਕਰੇ ਚਾਹੇ ਚੁਰਾ ਲਏ।