ਖ਼ਾਬ ਜਲਵਾਗਰ ਨਹੀਂ ਤਾਂ ਕੁਝ ਨਹੀਂ
ਸ਼ੌਕ ਜੋਰਾਵਰ ਨਹੀਂ ਤਾਂ ਕੁਝ ਨਹੀਂ।
ਤੇਰਿਆਂ ਪੈਰਾਂ 'ਚ ਜੋ ਜੰਜ਼ੀਰ ਹੈ
ਇਹ ਅਗਰ ਝਾਂਜਰ ਨਹੀਂ ਤਾਂ ਕੁਝ ਨਹੀਂ।
ਰਾਤ ਹੈ ਤਾਂ ਰਾਤ ਦਾ ਮਾਹੌਲ ਇਹ
ਸ਼ਾਮ ਤੋਂ ਬਿਹਤਰ ਨਹੀਂ ਤਾਂ ਕੁਝ ਨਹੀਂ।
ਹਰ ਤਰਫ਼ ਜੋ ਬੇਬਸਾਂ ਦੀ ਭੀੜ ਹੈ ਇਹ
ਅਗਰ ਲਸ਼ਕਰ ਨਹੀਂ ਤਾਂ ਕੁਝ ਨਹੀਂ
ਜੀਣ ਦਾ ਵੀ ਆਪਣਾ ਅੰਦਾਜ ਹੈ
ਜਿੰਦਗੀ ਖੁਦਸਰ ਨਹੀਂ ਤਾਂ ਕੁਝ ਨਹੀਂ।
ਧਰਤੀ ਭਾਵੇਂ ਆਪਣੀ ਹੈ ਦੋਸਤੋ
ਆਪਣਾ ਅੰਬਰ ਨਹੀਂ ਤਾਂ ਕੁਝ ਨਹੀਂ।
ਐ ਜ਼ਮਾਨਾਸਾਜ਼! ਸਾਲਾਂ ਸਾਲ ਜੀ
ਆਪਣਾ ਜੇ ਘਰ ਨਹੀਂ ਤਾਂ ਕੁਝ ਨਹੀਂ।
ਦਿਨ ਸਵਾ ਨੇਜ਼ੇ ਤੇ ਸੂਰਜ ਹੈ ਖੜਾ
ਜੇ ਹੁਮਾਂ ਦੇ ਪਰ ਨਹੀਂ ਤਾਂ ਕੁਝ ਨਹੀਂ
ਮੰਜ਼ਿਲਾਂ ਨਜਦੀਕ ਭਾਵੇਂ ਦੂਰ ਹੋਣ
ਵਕਤ ਜੇ ਰਹਿਬਰ ਨਹੀਂ ਤਾਂ ਕੁਝ ਨਹੀਂ