ਖ਼ਬਰੈ ਕੀ ਕੁਝ ਬੋਲ ਰਿਹਾ ਸੀ ਰਾਤ ਝਨ੍ਹਾਂ ਦਾ ਪਾਣੀ ।
ਕਿਹੜੇ ਦੁਖੜੇ ਫੋਲ ਰਿਹਾ ਸੀ ਨਾਲ ਝਨ੍ਹਾਂ ਦਾ ਪਾਣੀ ।
ਜੀਵੇਂ ਪੂਰੇ ਚੰਨ ਦੀ ਪਿਆਸ ਸੀ ਉਹਦੇ ਮਨ ਦੇ ਅੰਦਰ,
ਉੱਡਣ ਨੂੰ ਪਰ ਤੋਲ ਰਿਹਾ ਸੀ ਨਾਲ ਝਨ੍ਹਾਂ ਦਾ ਪਾਣੀ ।
ਮੇਰੇ ਵਾਂਗਰ ਖ਼ਵਰੇ ਉਹ ਵੀ ਮੀਤ ਗਵਾ ਬੈਠਾ ਸੀ,
ਲਹਿਰਾਂ ਲਹਿਰਾਂ ਫੋਲ ਰਿਹਾ ਸੀ ਨਾਲ ਝਨ੍ਹਾਂ ਦਾ ਪਾਣੀ ।
ਜੁਗਨੂੰ, ਮੌਸਮ ਚੰਨ ਹਵਾ ਦਾ ਮੁਨਸਫ਼ ਬਣ ਬੈਠਾ ਸੀ,
ਤਾਰੇ ਹੱਥੀਂ ਤੋਲ ਰਿਹਾ ਸੀ ਨਾਲ ਝਨ੍ਹਾਂ ਦਾ ਪਾਣੀ ।
ਉਂਜ ਤੇ ਵਤਨਾਂ ਦੀ ਹਰ ਇਕ ਸ਼ੈ ਵੱਸੇ ਮੇਰੇ ਅੰਦਰ,
ਯਾਦਾਂ ਦੇ ਵਿਚ ਡੋਲ ਰਿਹਾ ਸੀ ਨਾਲ ਝਨ੍ਹਾਂ ਦਾ ਪਾਣੀ ।
ਪੈਰੀਂ ਮੇਰੇ ਪੈਂਡੇ ਬਣ ਕੇ ਦੂਰ ਉਦਾਸ ਖੜਾ ਸੀ,
ਮੈਨੂੰ ਟਾਲ-ਮਟੋਲ ਰਿਹਾ ਸੀ ਨਾਲ ਝਨ੍ਹਾਂ ਦਾ ਪਾਣੀ ।
ਕਾਨਿਆਂ ਨਾਲ ਉਹ ਬੈਠਾ ਜੀਵੇਂ ਘੁੱਪ ਹਨੇਰੇ ਦੇ ਵਿਚ,
ਕਿਹੜੀ ਗੁੰਝਲ ਖੋਲ੍ਹ ਰਿਹਾ ਸੀ ਨਾਲ ਝਨ੍ਹਾਂ ਦਾ ਪਾਣੀ ।
ਮੈਨੂੰ ਰੋਕਣ ਖ਼ਾਤਰ ਬਹਿਕੇ ਮੇਰੇ ਪੈਰਾਂ ਦੇ ਵਿਚ,
ਹੰਝੂ ਅਪਣੇ ਡੋਲ੍ਹ ਰਿਹਾ ਸੀ ਨਾਲ ਝਨ੍ਹਾਂ ਦਾ ਪਾਣੀ ।
'ਅਕਰਮ ਸਾਕਿਬ' ਦੂਰੀ ਦੇ ਵਿਚ ਅਕਸਰ ਸੋਚਣਾ ਵਾਂ ਮੈਂ,
ਕਿੰਨਾਂ ਮੇਰੇ ਕੋਲ ਰਿਹਾ ਸੀ ਨਾਲ ਝਨ੍ਹਾਂ ਦਾ ਪਾਣੀ ।