ਖ਼ਬਰੇ ਕਿਸ ਪੰਜ ਫੂਲਾ ਰਾਣੀ

ਖ਼ਬਰੇ ਕਿਸ ਪੰਜ ਫੂਲਾ ਰਾਣੀ, ਸਾਨੂੰ ਪਾਈਆਂ ਚਿੱਠੀਆਂ

ਮਹਿਕਦੀਆਂ ਵਾਵਾਂ ਦੇ ਹੱਥੀਂ, ਸਾਨੂੰ ਆਈਆਂ ਚਿੱਠੀਆਂ

ਜਿਨ੍ਹਾਂ ਵਿਚ ਰਕੀਬਾਂ ਤਾਈਂ ਨਿੱਤ ਸਲਾਮਾਂ ਆਵਣ,

ਮੇਰੇ ਨਾਂ ਤੇ ਆਉਂਣ ਸਦਾ ਹੀ ਇੰਜ ਪਰਾਈਆਂ ਚਿੱਠੀਆਂ

ਖ਼ਤ ਮੇਰੇ ਦੇ ਪੁਰਜੇ ਝੱਖੜਾਂ, ਮੇਰੇ ਮੱਥੇ ਮਾਰੇ,

ਵਾ-ਵਰੋਲਿਆਂ ਵਿੱਚ ਕਿਸੇ ਨੇ, ਇੰਜ ਉਡਾਈਆਂ ਚਿੱਠੀਆਂ

ਖ਼ਬਰੇ ਕਿਹੜੀ ਭਾਗ ਭਰੀ ਦੀਆਂ ਪੱਤਾਂ ਲਹਿਣ ਸਵੇਰੇ,

ਰਾਤ ਮੇਰੇ ਸਰਹਾਣੇ ਹੇਠੋਂ ਕਿਸੇ ਚੁਰਾਈਆਂ ਚਿੱਠੀਆਂ

ਸ਼ਾਲਾ ਹੁਣ ਨਾ ਪਕੜੇ ਜਾਵਣ, ਰੁੱਕੇ ਰੰਗ-ਬਰੰਗੇ,

ਫੇਰ ਨਾ ਓਸ ਗਵਾਂਢੀ ਦੇ ਘਰ, ਪਾਣ ਲੜਾਈਆਂ ਚਿੱਠੀਆਂ

ਉਹਨਾਂ ਬੇਪਰਵਾਹਾਂ ਤੇ ਇਲਜ਼ਾਮ ਕੋਈ ਨਾ ਆਵੇ,

ਆਪਣੇ ਆਪ ਨੂੰ ਯਾਰ'ਖ਼ਿਆਲ' ਨੇ ਆਪੇ ਪਾਈਆਂ ਚਿੱਠੀਆਂ

📝 ਸੋਧ ਲਈ ਭੇਜੋ