ਖ਼ਬਰੈ ਕਿੱਥੇ ਸੌਂ ਗਏ ਨੇ

ਖ਼ਬਰੈ ਕਿੱਥੇ ਸੌਂ ਗਏ ਨੇ ਆਵਾਜ਼ ਦਿਉ ਮੇਰੇ ਯਾਰਾਂ ਨੂੰ ।

ਇਕ ਇਕ ਕਰਕੇ ਜੋੜ ਲਿਆ ਹੈ ਮੈਂ ਗਲਮੇ ਦੀਆਂ ਤਾਰਾਂ ਨੂੰ ।

ਇਨ੍ਹਾਂ ਰੋਜ਼ ਧਰੋ ਕਰ ਕਰ ਕੇ ਜੀਵਨ ਦਾ ਵਲ ਦੱਸਿਆ ਹੈ,

ਕਿਹੜੇ ਮੂੰਹੋਂ ਮੰਦੜਾ ਆਖਾਂ ਮੈਂ ਸੱਜਣਾ ਦਿਲਦਾਰਾਂ ਨੂੰ ।

ਵਿਛੜੇ ਹੋਏ ਘੜੀਆਂ ਤੇ ਪਲ ਖ਼ਾਬਾਂ ਦਾ ਸ਼ਰਮਾਇਆ ਨੇ,

ਖ਼ਾਕ ਉਡਦੀ ਏ ਖੋਲ੍ਹਾਂ ਜਦ ਅੱਖੀਆਂ ਦੇ ਬੰਦ ਬਜ਼ਾਰਾਂ ਨੂੰ ।

ਪਿਆਰ ਪਰੀ ਲਈ ਪੱਥਰ ਹੋ ਗਏ ਮੈਥੋਂ ਪਹਿਲਾਂ ਕਿੰਨੇ ਲੋਕ,

ਫੇਰ ਵੀ ਮੇਰੇ ਵਰਗੇ ਕਮਲੇ ਲੱਭਦੇ ਫਿਰਨ ਪਿਆਰਾਂ ਨੂੰ,

ਆਪਣੀਆਂ ਪੀੜਾਂ ਦੀ ਗਠੜੀ ਨੂੰ ਚਾਅਕੇ ਕੱਲਾ ਟੁਰ ਵੀ ਪਉ,

ਹੋਰ ਦਿਲਾ ਕੀ ਦੇਖਣਾ ਏਂ ਤੂੰ ਬਦਲੇ ਹੋਏ ਗ਼ਮਖ਼ਾਰਾਂ ਨੂੰ ।

ਹਸਦਿਆਂ ਫੁੱਲਾਂ ਘੜੀਆਂ ਪਿੱਛੋਂ ਪੱਤੀਆਂ ਹੋ ਕੇ ਉਡਣਾ ਏ,

ਸੀਨੇ ਉੱਤੇ ਸਹਿਣਾ ਪੈਣੈ ਇਹ ਵੀ ਜ਼ਖ਼ਮ ਬਹਾਰਾਂ ਨੂੰ,

ਇਹ ਦਸਤੂਰ ਨਿਰਾਲਾ ਸਾਰੀ ਦੁਨੀਆ ਨੇ ਆਪਣਾਇਆ ਏ,

ਲੜਦੇ ਹੈਣ ਸਿਪਾਹੀ ਤਮਗ਼ੇ ਮਿਲਦੇ ਨੇ ਸਰਦਾਰਾਂ ਨੂੰ ।

ਰੋਜ਼ ਨਵਾਂ ਦੁੱਖ ਝੋਲੀ ਪਾ ਕੇ 'ਕਾਸ਼ਰ' ਯਾਰ ਨਹੀਂ ਕੀਤੀ ਸੀ,

ਹੋਰ ਅਜ਼ਮਾਉਣਾ ਕੀ ਏ ਜੱਗ ਨੇ ਏਸ ਜਿਆਂ ਜੀਅਦਾਰਾਂ ਨੂੰ ।

📝 ਸੋਧ ਲਈ ਭੇਜੋ