ਖ਼ਾਹਸ਼ਾਂ ਦੀ ਧੂੜ ਦੇ ਤੂਫ਼ਾਨ ਵਿਚ ।
ਲੱਭ ਰਿਹਾ ਹਾਂ ਮੈਂ ਵਫ਼ਾ ਇਨਸਾਨ ਵਿਚ ।
ਦੋ ਕਦਮ ਦਾ ਫ਼ਾਸਲਾ ਵੀ ਹੈ ਤਵੀਲ,
ਹੌਸਲਾ ਹੋਵੇ ਨਾ ਜੇ ਇਨਸਾਨ ਵਿਚ ।
ਆਰਜ਼ੂ ਦਾ ਹਰ ਸਫ਼ੀਨਾ ਡੁਬ ਗਿਆ,
ਨਾਉਮੀਦੀ ਦੇ ਚੜ੍ਹੇ ਤੂਫ਼ਾਨ ਵਿਚ ।
ਮੈਂ ਸਦਾ ਕਰਨਾ ਵਾਂ ਉਹਦੀ ਜੁਸਤਜੂ,
ਤੇਰੇ ਭਾਣੇ ਜੋ ਨਹੀਂ ਅਮਕਾਨ ਵਿਚ ।
ਖ਼ੌਫ਼ ਖਾਂਦਾ ਆਪ ਉਹ ਇਨਸਾਨ ਤੋਂ,
ਅਕਲ ਹੁੰਦੀ ਜੇ ਕਦੇ ਹੈਵਾਨ ਵਿਚ ।
ਫਿਰ ਰਿਆਇਆ ਕਿਉਂ ਮੁਖ਼ਾਲਿਫ਼ ਹੋ ਗਈ,
ਜੇ ਬੁਰਾਈ ਕੁਝ ਨਹੀਂ ਸੁਲਤਾਨ ਵਿਚ ।
ਜਦ ਕਸ਼ਿਸ਼ 'ਆਗ਼ਾ' ਵਿਖਾਈ ਕੁਫ਼ਰ ਨੇ,
ਤਾਜ਼ਗੀ ਆਈ ਮੇਰੇ ਈਮਾਨ ਵਿਚ ।