ਅਸੀਂ ਚਿੜੀਆਂ ਮੋਰ ਚਕੋਰ ਖ਼ਬਰ ਨੂੰ ਆਏ ਹਾਂ
ਅਸੀਂ ਖ਼ੈਰ ਮੰਗਣ ਨੂੰ ਤੇਰੀ ਬੰਦਿਆ ਆਏ ਹਾਂ
ਤੂੰ ਜਦ ਤੋਂ ਜੰਗਲ਼ ਛੱਡ ਕੇ ਸ਼ਹਿਰ 'ਚ ਆ ਗਿਆ ਏਂ
ਸਭ ਕਾਇਦੇ ਕੁਦਰਤ ਵਾਲ਼ੇ ਭੁੱਲ ਭੁਲਾ ਗਿਆ ਏਂ
ਤੂੰ ਸਾਡੇ ਰੈਣ ਬਸੇਰੇ ਚੋਗਾ ਖਾ ਗਿਆ ਏਂ
ਹੁਣ ਬਸ ਕਰ ਨਾ ਕਰ ਹੋਰ ਇਹ ਅਰਜ਼ ਗੁਜਾਰਨ ਆਏ ਹਾਂ
ਅਸੀਂ ਚਿੜੀਆਂ ਮੋਰ ਚਕੋਰ ਖ਼ਬਰ ਨੂੰ ਆਏ ਹਾਂ ...।
ਤੇਰੀ ਸੋਚ ਦਾ ਗੁਣੀਆ ਟੇਢਾ-ਮੇਢਾ ਹੋ ਗਿਆ ਏ
ਤੇਰੇ ਵਾਧੇ ਨਾਲੋਂ ਘਾਟਾ ਜ਼ਿਆਦਾ ਹੋ ਗਿਆ ਏ
ਤੂੰ ਜਿੰਨਾ ਪਾਇਆ ਉਸਤੋਂ ਵੀ ਵੱਧ ਖੋ ਗਿਆ ਏ
ਨਾ ਸਮਝ ਤੂੰ ਧਰਤ ਜਗੀਰ,ਅਸੀਂ ਸਭ ਇਸਦੇ ਜਾਏ ਹਾਂ
ਅਸੀਂ ਚਿੜੀਆਂ ਮੋਰ ਚਕੋਰ ਖ਼ਬਰ ਨੂੰ ਆਏ ਹਾਂ ...।
ਤੂੰ ਕੁੱਲ ਸਮੁੰਦਰ ਪੀ ਲਏ ਜੰਗਲ਼ ਖਾ ਲਏ ਨੇ
ਤੂੰ ਸੰਗਮਰਮਰੀ ਪਿੰਜਰੇ ਕਈ ਬਣਾ ਲਏ ਨੇ
ਸੁਖ ਚੈਨ ਸਹਿਜ ਪਰ ਸੁਹਜ ਤੂੰ ਕੁੱਲ ਗਵਾ ਲਏ ਨੇ
ਅਸੀਂ ਵਾਂਗ ਫਕੀਰਾਂ ਦੱਸਣ ਤੇਰੇ ਦਰ ਤੇ ਆਏ ਹਾਂ
ਅਸੀਂ ਚਿੜੀਆਂ ਮੋਰ ਚਕੋਰ ਖ਼ਬਰ ਨੂੰ ਆਏ ਹਾਂ ...।
ਅੱਜ ਸਾਫ਼ ਵੇਖ ਅਕਾਸ਼ ਅਸੀਂ ਤਾਂ ਡਰ ਗਏ ਸਾਂ
ਅੱਜ ਕਿਉਂ ਨਈਂ ਕਿਤੇ ਵਾਜ਼ ਅਸੀਂ ਚੁੱਪ ਕਰ ਗਏ ਸਾਂ
ਕਿਉਂ ਚੁੱਪ ਜਿਓਂ ਕਬਰਸਤਾਨ ਅਸੀਂ ਇਹ ਵੇਖਣ ਆਏ ਹਾਂ
ਕੀ ਠੀਕ ਠਾਕ ਇਨਸਾਨ ਅਸੀਂ ਇਹ ਵੇਖਣ ਆਏ ਹਾਂ
ਅਸੀਂ ਚਿੜੀਆਂ ਮੋਰ ਚਕੋਰ ਖ਼ਬਰ ਨੂੰ ਆਏ ਹਾਂ ...