ਮਾਰੇ ਗਏ ਮਿੱਤਰਾਂ ਦੇ ਪਿੰਡ ਦੀਏ ਵਾਏ,

ਖ਼ੈਰ-ਸੁੱਖ ਦਾ ਸੁਨੇਹੜਾ ਲਿਆ।

ਉਸ ਮਾਂ ਦਾ ਬਣਿਆਂ ਕੀ,

'ਆਂਦਰਾਂ ਦੀ ਅੱਗ' ਜਿਹਦੀ ਗਈ ਕਸਤੂਰੀਆਂ ਖਿੰਡਾ ?

ਭਾਰ ਉਹਦੇ ਬਾਪੂ ਦਾ ਨੀ ਕੁੱਬੀ ਹੋਈ ਕੰਡ ਉਤੋਂ

ਕਿਸੇ ਨੇ ਵੰਡਾਇਆ ਸੀ ਕਿ ਨਾ ?

ਸੁਣੀਂਦਾ ਸੀ ਭੈਣ ਉਹਦੀ ਸਾਂਭ ਕੇ ਸੁਗੰਧੀਆਂ ਨੂੰ

ਜਾਣਾ ਹੈ ਸੀ ਓਪਰੇ ਗਰਾਂ

ਜੀਹਦਾ ਵੀਰ ਅੱਜ ਖੱਟੀ ਚੁੰਨੀ ਨਾ ਲਿਆਇਆ,

ਉਹਨੂੰ ਕਿੰਨਾ ਕੁ ਤੀਆਂ ਦਾ ਨੀ ਚਾਅ ?

ਮਾਰੇ ਗਏ ਮਿੱਤਰਾਂ ਦੇ......................

ਰਾਠਾਂ(ਸ਼ਾਹਾਂ) ਦੀ ਹਵੇਲੀ ਮੂਹਰੋਂ ਲੰਘਣਾ ਖੰਘੂਰਾ ਮਾਰ,

(ਕਿਤੇ) ਭੁੱਲੇ ਤਾਂ ਨੀ ਓਸਦੇ ਭਰਾ ?

ਗੀਤਾਂ ਦੇ ਕਸਾਈ ਕਿਤੇ ਉਸ ਦੀ ਮਾਸ਼ੂਕ ਕੋਲੋਂ,

ਗਾਣੇ ਤਾਂ ਨੀ ਰਹੇ ਸੀ ਗਵਾ ?

ਉਸ ਦੇ ਮੁਹਾਂਦਰੇ ਦਾ ਪਿੰਡ ਦੀ ਜੁਆਨੀ ਉਤੇ,

ਚੜ੍ਹਿਐ ਜਾਂ ਨਹੀਂ ਕੋਈ ਪਾਹ ?

ਮਾਰੇ ਗਏ ਮਿੱਤਰਾਂ ਦੇ......................

ਪਿੰਡ ਦੇ ਕਸਾਈਖਾਨੇ ਕੋਲੋਂੋਂ ਜਦੋਂ ਲੰਘੀ ਸੀ ਤੂੰ,

ਕਿੰਨਾ ਕੁ ਸੀ ਜ਼ੁਲਮਾਂ ਦਾ ਤਾਅ ?

ਦੱਸ ਮੇਰੇ ਵੀਰਨੇ ਤੋਂ ਕਿਹੜੀ ਗੱਲ ਪੁੱਛਦੇ ਸੀ,

ਸੱਥ ਵਿਚ ਪੁੱਠਾ ਲਟਕਾ ?

ਜ਼ੁਲਮਾਂ ਦੇ ਹੌਸਲੇ 'ਚ ਪਿੰਡ ਦਿਆਂ ਚੌਧਰੀਆਂ,

ਖਾਧਾ ਹੋਣੈ ਰੱਜ ਕੇ ਕੜਾਹ

ਮਾਰੇ ਗਏ ਮਿੱਤਰਾਂ ਦੇ......................

ਸੁਣੀਂਦਾ 'ਕਾਗਜ਼ਾਂ ਦੇ ਸ਼ੇਰ' ਉਹ ਨੇ ਕਹਿੰਦੇ ਸਾਨੂੰ,

'ਕਿਰਨਾਂ ਦਾ ਕਾਫ਼ਲਾ' ਫੜਾ

ਉਹਦੇ ਬੋਲਾਂ ਵਿਚੋਂ ਜੋ ਸੁਗੰਧੀਆਂ ਤੂੰ ਚੂਸੀਆਂ ਨੇ,

ਹਾੜੇ ਮੇਰੇ ਬੋਲਾਂ ਨੂੰ ਛੁਹਾ

ਨੂੜੇ ਹੋਏ ਅੰਗਾਂ ਨੇ ਨੀ,

ਤਿੱਖੀਆਂ ਸੰਗੀਨਾਂ ਮੂਹਰੇ,

ਕੀਤਾ ਸੀ ਮੁਕਾਬਲਾ ਕਿ ਨਾ ?

ਮਾਰੇ ਗਏ ਮਿੱਤਰਾਂ ਦੇ ਪਿੰਡ ਦੀਏ ਵਾਏ,

ਖ਼ੈਰ-ਸੁੱਖ ਦਾ ਸੁਨੇਹੜਾ ਲਿਆ

📝 ਸੋਧ ਲਈ ਭੇਜੋ