ਖਲੋਤਾ ਰਿਹਾ, ਓਹਦਾ ਦਰਵਾਜ਼ਾ ਮੱਲ ਕੇ

ਖਲੋਤਾ ਰਿਹਾ, ਓਹਦਾ ਦਰਵਾਜ਼ਾ ਮੱਲ ਕੇ,

ਓਹ ਟੁਰ ਵੀ ਗਿਆ, ਚੋਰ ਬੂਹਿਓਂ ਨਿਕਲ ਕੇ

ਕਿਸੇ ਬਿਨ, ਓਹ ਰਹਿੰਦਾ ਨਈਂ ਦੂਰ ਪਲ਼ ਵੀ,

ਮੇਰੇ ਵਾਸਤੇ ਪਰ, ਰਹੀ ਭਲਕੇ ਭਲਕੇ

ਏਹ ਨਰਮੀ ਮਿਰੀ ਹੋਣੀ ਤੇਰੇ ਤੇ ਹਾਵੀ,

ਜਿਵੇਂ ਸ਼ੋਖ਼ ਸ਼ਾਖ਼ਾਂ, ਰਹੇ ਵੇਲ ਵਲ਼ ਕੇ

ਹਰ ਇਕ ਰੁਤ ਨੂੰ, ਜ਼ਖ਼ਮਾਂ ਨੇਂ ਪਹਿਚਾਨ ਲੈਣੈਂ,

ਕੋਈ ਰੂਪ ਭਾਵੇਂ, ਓਹ ਆਵੇ ਬਦਲ ਕੇ

ਕਦੀ ਫੁੱਲ ਬਣਕੇ, ਕਦੀ ਧੂੜ ਵਾਂਗੂੰ,

ਤੇਰੇ ਨਾਲ਼ ਰਹਿਣੈਂ, ਜ਼ਮੀਂ ਵਿਚ ਵੀ ਰਲ਼ ਕੇ

ਅਸਾਡੇ ਮਿਲਣ, ਤੇ ਵਿਛੋੜੇ ਦਾ ਵੇਲ਼ਾ,

ਨਸੀਬਾਂ, ਰਕੀਬਾਂ ਨੇਂ, ਲਿਖਿਆ ਰਲ ਕੇ

ਓਹੀ ਬਾਤ ਅਸਲੀ, ਤੇ ਉੱਤਮ ਕਹਾਵੇ,

ਜੋ ਮੁਲ ਪਾਂਵਦੀ ਅਪਣਾ, ਮੂੰਹੋਂ ਨਿਕਲ ਕੇ

ਖ਼ੁਸ਼ੀ ਗ਼ਮ ਦੇ ਰੰਗਾਂ ਦੀ ਹੈ, ਜ਼ਿੰਦਗਾਨੀ,

ਕਦੀ ਰੰਗ ਗੂੜ੍ਹੇ, ਕਦੀ ਹਲਕੇ ਹਲਕੇ

ਜੇ ਢਿੱਲੀ ਹੋਈ ਵਾਗ, ਦਿਲ ਵਾਲੀ 'ਅਸ਼ਰਫ਼',

ਲਵਾ ਲੈਂਗਾ ਪੱਕੇ ਈ, ਅੱਖਾਂ 'ਚ ਨਲਕੇ

📝 ਸੋਧ ਲਈ ਭੇਜੋ