ਖ਼ਾਮੋਸ਼ ਨਹੀਂ ਹਾਂ

ਤੁਹਾਡੀ ਵਰਚੱਸਵ ਦੀ ਲੜਾਈ

ਹਮੇਸ਼ਾ ਸਾਡੀ ਰੋਟੀ ਦੀ ਲੜਾਈ 'ਤੇ ਭਾਰੂ ਪੈਂਦੀ ਹੈ।

ਸਿਆਸੀ ਜੋਗ ਦਾ ਜੋਤਾ

ਸਾਡੀ ਕਰਮਸ਼ੀਲ ਲੋਕਾਂ ਦੀ ਕਰਮਭੂਮੀ ਨੂੰ ਥੇਹ ਬਣਾ ਦਿੰਦਾ

ਤੁਸੀਂ ਹਮੇਸ਼ਾ ਧਰਵਾਸ ਦੀ ਐਗਜੀਬੀਸ਼ਨ ਲਗਾਉਂਦੇ ਹੋ

ਅਸੀਂ ਹਮੇਸ਼ਾ ਸ਼ਿਰਕਤ ਕਰਦੇ ਹਾਂ।

ਤੁਹਾਡੇ ਆਪਣੇ ਹੀ ਤਰ੍ਹਾਂ ਦੇ ਵਿਵੇਕ ਅੰਦਰ

ਅਸੀਂ ਕਦੇ ਮਹਿਫੂਜ਼ ਨਹੀਂ  ਹੋਏ

ਤੁਸੀਂ ਹਮੇਸ਼ਾ ਚਾਹਿਆ ਕਿ

ਸਾਡੇ ਨਜ਼ਰੀਏ ਨੂੰ ਮੋਤੀਆ ਮਾਰ ਜਾਵੇ

ਅਤੇ ਸੋਚ ਨੂੰ ਲਕਵਾ

ਤਵਾਰੀਖ਼ ਗਵਾਹ ਹੈ

ਤੁਹਾਡੀ ਮਸ਼ਕ ਦੇ ਕਾਇਰਾਨਾ ਵਤੀਰੇ

ਅਤੇ ਸਾਡੇ ਬਾਗ਼ੀਆਨਾ ਮਿਜਾਜ਼ ਬਾਰੇ

ਅਸੀਂ ਬੋਲਦੇ ਬੋਲਦੇ ਥੱਕ ਸਕਦੇ ਹਾਂ

ਪਰ ਖ਼ਾਮੋਸ਼ ਨਹੀਂ  ਹੋ ਸਕਦੇ।

ਜੇਕਰ ਤੁਹਾਡਾ ਲੋਹਾ ਬੋਲੇਗਾ

ਤਾਂ ਸਾਡਾ ਲਹੂ ਬੋਲੇਗਾ।

📝 ਸੋਧ ਲਈ ਭੇਜੋ