ਲੋਕ ਕਹਿੰਦੇ
ਖ਼ਾਮੋਸ਼ੀ ਬੇਜ਼ੁਬਾਨ ਹੁੰਦੀ ਹੈ
ਪਰ ਮੈਨੂੰ ਲੱਗਦਾ
ਖ਼ਾਮੋਸ਼ੀ ਠੰਢਾ ਸੰਗਰਾਮ ਹੁੰਦੀ ਹੈ
ਖ਼ਾਮੋਸ਼ੀ ਬੇਮੁਹਾਰੇ ਬੜਬੋਲੇਪਨ ਦਾ
ਪਹਿਲਾ ਪੜਾਅ ਹੈ
ਗਲੇ ’ਚ ਅਟਕੀ ਚੀਕ ਦੀ
ਟੁੱਕੀ ਜੀਭ ਦਾ ਦਰਦ ਹੈ
ਖ਼ਾਮੋਸ਼ੀ
ਘੂਕ ਸੁੱਤੇ ਹਨ੍ਹੇਰੇ ਦੀ ਨੀਂਦ ਨਹੀਂ
ਸਗੋਂ ਉਸਦੀ ਹਿੱਕ ਉੱਤੋਂ ਲੰਘੇ
ਸੱਪ ਦੀ ਚਮਕ ਹੁੰਦੀ ਹੈ
ਸਿਰਫ਼ ਸਹਿਮਤੀ ਦਾ ਪ੍ਰਗਟਾਅ ਨਹੀਂ
ਅਸਹਿਮਤ ਮੁੱਦਿਆਂ ’ਤੇ ਅੰਦਰੋ-ਅੰਦਰੀ
ਚੱਲਦਾ ਘੋਲ ਵੀ ਹੈ
ਖ਼ਾਮੋਸ਼ੀ ਸਿਰਫ਼ ’ਹਾਂ’ ਦੀ ਮੁਦਰਾ ਵਿਚ
ਝੁਕੀ ਹੋਈ ਧੌਣ ਨਹੀਂ ਹੁੰਦੀ
ਬੇਖ਼ੌਫ਼ ਖੜ੍ਹੇ ਬੰਦੇ ਦੀ ਧੌਣ ਦਾ
ਅਕੜਾਅ ਵੀ ਹੁੰਦੀ ਹੈ
ਜਿਨ੍ਹਾਂ ਦੀ ਜ਼ੁਬਾਨ ’ਚ ਨਹੀਂ
ਬਾਹਾਂ ’ਚ ਦਮ ਹੁੰਦਾ ਹੈ
ਉਹ ਬੇਜ਼ੁਬਾਨ ਹੁੰਦੇ ਹੋਏ ਵੀ
ਦਮਦਾਰ ਭਾਸ਼ਾ ਦੇ ਉਸਰੱਈਏ ਹੁੰਦੇ ਹਨ
ਜਿਨ੍ਹਾਂ ਦੀ ਚੁੱਪ ਅੱਗੇ
ਹਰ ਬੋਲ ਗੂੰਗਾ ਹੋ ਜਾਂਦਾ ਹੈ
ਉਹ ਬੋਲਾਂ ਦੇ ਦੁਆਰ ’ਤੇ
ਖ਼ਾਮੋਸ਼ ਮੁਦਰਾ ’ਚ ਬੈਠੇ ਤਪੱਸਵੀ ਹੁੰਦੇ ਹਨ
ਖ਼ਾਮੋਸ਼ੀ
ਸਿਰਫ਼ ਬੇਜ਼ੁਬਾਨ ਹਾਂ ਨਹੀਂ ਹੁੰਦੀ
ਸਹਿਮਤੀ ਦੇ ਪ੍ਰਗਟਾਅ ਦਾ ਵਿਰੋਧ ਕਰਦਾ
ਅਸਹਿਮਤ ਮੁੱਦਿਆਂ ਦਾ ਮੂਕ ਦਿਖਾਵਾ ਵੀ ਹੈ