ਖੰਡਿਤ ਗੀਤ ਦੀ ਧਿੱਕਾਰ

ਤੁਹਾਡੇ ਸਾਮ੍ਹਣੇ ਮੁਲਜ਼ਮ ਜਿਹਾ ਮੁੜ ਪੇਸ਼ ਹੋਇਆ ਹਾਂ 

ਸਦਾ ਸੰਕਟ ਸਮੇਂ

ਮਹਿਫ਼ਲ 'ਚ ਹਾਜ਼ਰ ਹੋਣ ਦਾ ਆਦੇਸ਼ ਹੋਇਆ ਹੈ ਮੈਨੂੰ 

ਗੀਤਾਂ ਸਣੇ

ਜਿਵੇਂ ਸੰਕਟ 'ਚ ਮੇਰਾ ਫ਼ਰਜ਼ 

ਹੁਕਮਨ ਗੀਤ ਰਚਨਾ ਹੈ 

ਜਿਵੇਂ ਸੰਕਟ ਸਮੇਂ ਇਕੋ ਤੁਹਾਡਾ ਫ਼ਰਜ਼ 

ਮੇਰੇ ਗੀਤ ਸੁਣਨਾ ਹੈ

ਜਿਨ੍ਹਾਂ ਗੀਤਾਂ ਨੂੰ ਆਪਣੇ ਜਨਮ ਦੀ ਖ਼ਾਤਰ 

ਮਨੁੱਖ ਦੇ ਸਿਰ ਕਿਸੇ ਬਿਪਤਾ ਦੀ ਲੋਚਾ ਹੈ 

ਉਨ੍ਹਾਂ ਗੀਤਾਂ ਦੀ ਮੁੜ ਰਚਨਾ ਦੀ ਮਜਬੂਰੀ 

ਤੇ ਮੈਂ ਸੌ ਵਾਰ ਰੋਇਆ ਹਾਂ

ਤੁਹਾਡੇ ਸਾਮ੍ਹਣੇ ਮੁਲਜ਼ਮ ਜਿਹਾ ਮੁੜ ਪੇਸ਼ ਹੋਇਆ ਹਾਂ

ਨਵੇਂ ਜੁਗ ਦੀ ਨਵੀਂ ਮਰਦਾਨਗੀ ਹੈ 

ਕਦੀ ਜੁਗ ਜੁਗ ਤੋਂ ਸੁੱਤੀ ਬਰਫ਼ ਉਪਰ

ਡੰਗ ਚਲਦੇ ਨੇ

ਕਦੀ ਜੁਗ ਜੁਗ ਤੋਂ ਅਣਵਾਹੇ ਥਲਾਂ ਦੀ ਹਿੱਕ ਤੇ 

ਨਵੇਂ ਸ਼ਸਤਰ ਸਿਆੜਾਂ ਪਾਉਂਦੇ ਨੇ

ਸਿੱਕਾ ਬੀਜਦੇ ਨੇ

ਕੋਈ ਜੇ ਬਰਫ਼ ਦਾ ਕੰਬਲ ਚੁਰਾ ਕੇ 

ਲੈ ਵੀ ਜਾਏ ਘਰ, ਤਾਂ ਕੀ ਹਾਸਲ

ਕੋਈ ਜੇ ਤਪਦੀਆਂ ਲੋਆਂ ' ਉਡਦੀ ਰੇਤ ਦਾ 

ਇਕ ਅੱਧ ਕਿਆਰਾ ਵਢ ਲਏ-

ਤਾਂ ਉਸ ਨੇ ਕੀ ਖਟਿਆ

ਰੇਤ ਦੀ ਰੋਟੀ ਨਹੀਂ ਪਕਦੀ

ਨਾ ਬਣਦੇ ਬਰਫ਼ ਦੇ ਬਸਤਰ 

ਨਵੀਂ ਮਰਦਾਨਗੀ ਆਵਾਜ਼ ਦੇਂਦੀ ਹੈ

ਅਸੀਂ ਕਬਜ਼ਾ ਨਹੀਂ ਚਾਹੁੰਦੇ

ਸਿਰਫ਼ ਇਕ ਦਬਦਬੇ ਦੀ ਰੀਝ ਹੈ

ਜਿਦ੍ਹੇ ਬਿਨ ਸਾਡੇ ਘਰ ਵਿਚ ਵੀ ਸਾਡਾ ਆਦਰ ਨਹੀਂ 

ਨਵੇਂ ਜੰਗਾਂ 'ਚ ਬੰਦਾ ਜਿੱਤ ਜਾਏ 

ਉਸ ਨੂੰ ਕੁਝ ਮਿਲਦਾ ਨਹੀਂ

ਨਵੇਂ ਜੰਗਾਂ 'ਚ ਬੰਦਾ ਹਾਰ ਜਾਏ 

ਉਸ ਦਾ ਕੁਝ ਬਚਦਾ ਨਹੀਂ 

ਅਨੋਖੀ ਬੇਬਸੀ ਹੈ

ਕਿ ਦੰਭੀ ਸੂਰਿਆਂ ਸੰਗ ਸੱਚ 

ਬਰ ਮੇਚਣ ਲਈ ਮਜਬੂਰ ਹੈ 

ਮੈਂ ਕਿਹੜੀ ਅਜਨਬੀ ਦੁਨੀਆਂ 'ਚ 

ਨਿਹਫਲ ਖਲੋਇਆ ਹਾਂ

ਤੁਹਾਡੇ ਸਾਮ੍ਹਣੇ ਮੁਲਜ਼ਮ ਜਿਹਾ ਮੁੜ ਪੇਸ਼ ਹੋਇਆ ਹਾਂ

ਉਹ ਕੋਈ ਹੋਰ ਸਨ

ਜੋ ਠੰਡੀਆਂ ਬਰਫ਼ਾਂ 'ਚ ਕੋਸੀ ਰੱਤ ਦਾ

ਮੰਗਲ ਤਿਲਕ ਕਰ ਤੁਰ ਗਏ

ਉਹ ਕੋਈ ਹੋਰ ਨੇ

ਜੋ ਤਪਦੀਆਂ ਰੇਤਾਂ 'ਚ ਠੰਡੇ-ਚਿਤ ਖਲੋਤੇ ਨੇ 

ਤੇ ਮੈਂ ?

ਮੇਰੇ ਮਨ ਤੋਂ ਉਵੇਂ ਭ੍ਰਿਸ਼ਟਾ ਦਾ ਪਹਿਰਾ ਹੈ 

ਤੇ ਧਨ ?

ਉਹ ਦੰਭੀ ਕੀਮਤਾਂ ਦੀ ਭੀੜ ਵਿਚ ਮਿਧਿਆ ਪਿਐ

ਤੇ ਤਨ ਖ਼ੁਸ਼ ਹੈ

ਕਿ ਮੈਂ ਆਜ਼ਾਦ ਹਾਂ

ਮੈਨੂੰ ਖੁਲ੍ਹ ਹੈ ਕਿ ਕੁਝ ਵੀ ਨਾ ਕਰਾਂ 

ਪੁਰਾਣੇ ਫ਼ਰਜ਼ ਦੀ ਪਹਿਚਾਨ ਗੁੰਮ ਹੈ 

ਭਰੀ ਦੁਨੀਆਂ 'ਚ ਜਿਸ ਜਿਸ ਥਾਂ ਵੀ ਸੰਕਟ ਹੈ 

ਉਸੇ ਥਾਂ ਆਦਮੀ ਦੀ ਆਤਮਾ ਵਿਚ ਦਾਗ਼ ਹੈ 

ਸੱਚ ਸ਼ੱਕੀ, ਗੀਤ ਖੰਡਿਤ ਹੈ

ਮੈਂ ਖੰਡਿਤ ਗੀਤ ਲੈ ਹਾਜ਼ਰ ਤੁਹਾਡੇ ਦੁਆਰ 

ਕਿ ਦੰਭੀ ਸੂਰਿਆਂ ਨੂੰ ਕਰੋ ਸੀਮਾਂ ਪਾਰ 

ਕਰੋ ਭ੍ਰਿਸ਼ਟਾ ਤੋਂ ਮੇਰੇ ਦੁਆਰ ਦਾ ਉਧਾਰ 

ਸੱਚ ਦੇ ਬੰਧਨ ਹਰੋ

ਗੀਤ ਮੁੜ ਸਾਬਤ ਕਰੋ

ਤੇ ਮੈਨੂੰ ਮੋੜ ਦੇਵੋ ਫਿਰ ਮੇਰੀ ਪਹਿਚਾਨ 

ਜਦੋਂ ਤਕ ਇਹ ਨਹੀਂ

ਮੇਰੇ ਸਿਰ ਤੇ ਹੈ ਖੰਡਿਤ ਗੀਤ ਦੀ ਧਿੱਕਾਰ 

ਇਸੇ ਧਿੱਕਾਰ ਵਿਚ ਲੂੰ ਲੂੰ ਪਰੋਇਆ ਹਾਂ

ਤੁਹਾਡੇ ਸਾਮ੍ਹਣੇ ਮੁਲਜ਼ਮ ਜਿਹਾ ਮੁੜ ਪੇਸ਼ ਹੋਇਆ ਹਾਂ

📝 ਸੋਧ ਲਈ ਭੇਜੋ