ਖੰਡਰਾਤ ਦੀ ਦੀਵਾਰ ਤੇ ਇਕ ਨਾਮ ਲਿਖਾਂਗਾ।
ਮੈਂ ਅਪਣਾ ਕਦੇ ਹਾਲ ਢਲ੍ਹੀ ਸ਼ਾਮ ਲਿਖਾਂਗਾ।
ਤਕਦੀਰ ਨੇ ਬਰਬਾਦ ਕਿਵੇਂ ਕੀਤਾ ਹੈ ਮੈਨੂੰ,
ਤਕਦੀਰ ਦੀ ਤਦਬੀਰ ਨੂੰ ਪ੍ਰਣਾਮ ਲਿਖਾਂਗਾ।
ਤੂੰ ਜ਼ਿੰਦਗੀ ਬੇਸ਼ੱਕ ਮੇਰਾ ਨਾਮ ਭੁਲਾਇਆ,
ਮੈਂ ਫੇਰ ਤਿਰੇ ਨਾਮ ਹੀ ਪੈਗ਼ਾਮ ਲਿਖਾਂਗਾ।
ਸੀ ਇਸਦੇ ਸਿਵਾ ਤੇਰੀ ਮੁਹੱਬਤ ਵੀ ਤਾਂ ਕੀ ਸ਼ੈਅ,
ਹੋਠਾਂ ਤੇ ਆ ਟੁੱਟਿਆ ਜੋ ਉਹ ਜਾਮ ਲਿਖਾਂਗਾ।
ਜਿਸ ਵਿਚ ਤੂੰ ਗਿਲਾ ਕੀਤੈ ਕਿ ਮੈਂ ਖ਼ਤ ਨਹੀਂ ਲਿਖਦਾ,
ਉਸ ਖ਼ਤ ਨੂੰ ਤਬਸਰੇ ਲਈ ਤੇਰੇ ਨਾਮ ਲਿਖਾਂਗਾ।
ਹੈ ਜਿਸਨੂੰ ਵਫ਼ਾ ਕਹਿੰਦੇ ਕਿਸੇ ਵਣ ’ਚੋਂ ਮਿਲੇਗੀ,
ਪਰ ਸ਼ਹਿਰ 'ਚੋਂ ਹੋ ਚੁੱਕੀ ਹੈ ਗੁੰਮਨਾਮ ਲਿਖਾਂਗਾ।
ਜੇ ਜਾਗ ਨਹੀਂ ਸਕਦੇ ਤਾਂ ਜੱਗ ਸੁਪਨਾ ਹੈ ਆਪੇ,
ਇਸ ਸੱਚ ਨੂੰ ਮੈਂ ਸੌ ਵਾਰ ਵੀ ਪ੍ਰਣਾਮ ਲਿਖਾਂਗਾ।
ਫ਼ਿਲਹਾਲ ਗ਼ਜ਼ਲ ਆਖੀ ਹੈ ਜੋ ਹੱਡੀਂ ਹੰਡਾਈ,
ਜੇ ਫੇਰ ਕਦੀ ਹੋਇਆ ਤਾਂ ‘ਇਲਹਾਮ’ ਲਿਖਾਂਗਾ।