ਖੜ੍ਹਿਆਂ ਪਾਣੀਆਂ ਉੱਤੇ ਮੇਰੀਆਂ ਅੱਖਾਂ ਤਰਦੀਆਂ ਰਹੀਆਂ ।
ਮੌਜਾਂ ਦੇ ਸੰਗ ਖੇਡੇ ਪੈ ਕੇ ਮੌਜਾਂ ਕਰਦੀਆਂ ਰਹੀਆਂ ।
ਜੀਣੋਂ ਮੂਲ ਨਾ ਅੱਕੇ ਵੇਲੇ ਲੱਖ ਗ਼ਲੇਲਾਂ ਕਸੀਆਂ,
ਸਮੇਂ ਦੀ ਵਗਦੀ ਨਹਿਰ ਚੋਂ ਆਸਾਂ ਝੱਜਰਾਂ ਭਰਦੀਆਂ ਰਹੀਆਂ ।
ਪੜ੍ਹ-ਪੜ੍ਹ ਫੂਕਾਂ ਮਾਰਨ ਸ਼ਾਲਾ! ਖ਼ੈਰੀਂ ਮੇਹਰੀਂ ਪਰਤਣ,
ਪੁੱਤਰਾਂ ਨੂੰ ਸਫ਼ਰਾਂ ਤੇ ਘੱਲ ਕੇ ਮਾਵਾਂ ਡਰਦੀਆਂ ਰਹੀਆਂ ।
ਆਸ ਉਮੀਦ ਦੀ ਖੇਤੀ ਇਕ ਦਿਨ ਉੱਕਾ ਬੰਜਰ ਹੋਣੀ,
ਜੇ ਰੀਝਾਂ ਦੀਆਂ ਫ਼ਸਲਾਂ ਨੂੰ ਮਾਯੂਸੀਆਂ ਚਰਦੀਆਂ ਰਹੀਆਂ ।
ਮੇਰੇ ਅੰਦਰ ਦੀ ਰੋਹੀ ਤੇ ਅੱਜ ਫਿਰ ਸੁੱਕੀ ਰਹਿ ਗਈ,
ਅੱਜ ਤੇ ਫੇਰ ਘਟਾਵਾਂ ਮੇਰੇ ਬਾਹਰ ਈ ਵਰਦੀਆਂ ਰਹੀਆਂ ।