ਮਾਏ ਹੁਣ ਤਾਂ ਜੰਗ ਖ਼ਤਮ ਹੈ
ਤੇਰਾ ਪੁੱਤਰ ਅਜੇ ਵੀ ਜੀਵੇ
ਭਾਵੇਂ ਛਾਪਿਆਂ ਥਾਣੀ ਲੰਘਦੀ
ਅੱਧੀ ਤੋਂ ਵੀ ਉਤੇ ਪਲਟਣ ਗਈ ਝਰੀਟੀ
ਤੇਰੇ ਪੁੱਤਰ ਦੇ ਸਾਰੇ ਅੰਗ ਨੌਂ ਬਰ ਨੌਂ ਨੇ
ਪਰ, ਅੰਦਰ ਕਿਸੇ ਬੁਰਕ ਸੁਟਿਆ ਹੈ
ਮੈਨੂੰ ਅਪਣਾ ਆਪ ਓਪਰਾ ਜਾਪ ਰਿਹਾ ਹੈ
ਮਾਏ ਤੇਰੇ ਕੋਲ ਜੇ ਆਇਆ
ਅਪਣਾ ਪੁੱਤ ਸਿਆਣ ਲਈਂ ਤੂੰ
ਮਾਏ ਹੁਣ ਤਾਂ ਜੰਗ ਖ਼ਤਮ ਹੈ
ਦਰਿਆ ਦੇ ਪਰਲੇ ਕੰਢੇ ਤੇ ਅਸੀਂ ਖੜੇ ਹਾਂ
ਦਰਿਆਵਾਂ ਦੀਆਂ ਲੀਕਾਂ ਅਸਾਂ ਮਿਟਾ ਦਿਤੀਆਂ ਨੇ
ਹੁਣ ਬੰਦਿਆਂ ਨੂੰ ਦਰਿਆ ਦੀ ਥਾਂ
ਵਾਂਗ ਲਕੀਰਾਂ ਵਗਣਾ ਪੈਣਾ
ਸਾਥੋਂ ਪਰਾਂ ਖੜੇ ਨੇ ਸਾਡੇ ਕਲ੍ਹ ਦੇ ਵੈਰੀ
ਹੰਭੇ ਟੁੱਟੇ ਹਾਰੇ ਹੋਏ
ਸਾਥੋਂ ਵੱਧ ਝਰੀਟੇ ਝੰਬੇ
ਦੋਹਾਂ ਦੇ ਵਿਚਕਾਰ ਖਲੋਤੇ
ਫੱਟੜ ਟੈਂਕ ਤੇ ਜ਼ਖਮੀ ਤੋਪਾਂ
ਧਰਤੀ ਦੀ ਵੱਖੀ ਵਿਚ ਟੋਏ
ਏਧਰ ਓਧਰ ਡੁਲ੍ਹਿਆ ਹੋਇਆ
ਬੰਦੇ ਦੀ ਦੇਹੀ ਦਾ ਨਿਕਸੁਕ
ਨਕਸ਼ ਤਾਂ ਸਾਰੇ ਘਾਣੀ ਹੋਏ
ਅਪਣੇ ਬੂਟਾਂ ਵਾਲੀਆਂ ਲੱਤਾਂ
ਅਪਣੀ ਵਰਦੀ ਵਾਲੀਆਂ ਬਾਹਾਂ
ਖੱਖਰ-ਖਾਧੀ ਧਰਤੀ ਵਿਚੋਂ
ਚੁੱਕ ਲਿਆਏ
ਅਜੇ ਵੀ ਮਾਏ ਬਹੁਤ ਪਿਆ ਹੈ
ਬੰਦੇ ਦੀ ਦੇਹੀ ਦਾ ਮਲਬਾ
ਅਜ ਨਹੀਂ ਤਾਂ ਕਲ੍ਹ ਹੂੰਝਾਂਗੇ
ਮਾਏ ਹੁਣ ਤਾਂ ਜੰਗ ਖ਼ਤਮ ਹੈ
ਪਹਿਲੀ ਛੁੱਟੀ ਮੈਂ ਆ ਜਾਊਂ
ਵੇਖੀਂ ਮੇਰੀਏ ਭੋਲੀਏ ਮਾਏ
ਹੁਣ ਨਾ ਕਿਤੇ ਜਗਾਈਂ ਮੈਨੂੰ ਤੜਕ ਸਵੇਰੇ
ਕੱਕਰ ਪਾਣੀ ਵਿਚ ਨਹਾ ਕੇ
ਪੋਹ ਮਹੀਨੇ ਬਾਹਰ ਸੁਤੀਆਂ ਗਲੀਆਂ ਕਛ ਕੇ
ਮੈਂ ਨਹੀਂ ਜਾਣਾ
ਪਾਠ ਕਰਨ ਪਿੰਡ ਦੇ ਗੁਰਦਾ'ਰੇ
ਮੋਰਚਿਆਂ ਵਿਚ
ਰੱਬ ਨੂੰ ਬਹੁਤ ਧਿਆਇਆ
ਹੁਣ ਜੇ ਕੋਈ ਸਹਿਵਨ
ਰੱਬ ਦਾ ਨਾਮ ਉਚਾਰੇ
ਲੱਗੇ ਜੀਕਣ ਖ਼ਤਮ ਜੰਗ
ਨੂੰ ਮੁੱਢੋਂ ਸੁੱਢੋਂ ਫੇਰ ਲੜਾਂਗੇ
ਬਾਪੂ ਦੇ ਪੈਰਾਂ ’ਤੇ ਪੁੱਤਰ ਮੱਥਾ ਟੇਕੇ
ਮਾਏ ਬਾਪੂ ਨੂੰ ਸਮਝਾਈਂ
ਘਰ ਆਵਾਂ ਤਾਂ
ਜੰਗ ਦੀਆਂ ਘੋਖਾਂ ਨਾ ਘੋਖੇ
ਅਸੀਂ ਸਿਪਾਹੀ ਜੰਗਾਂ ਲੜਦੇ
ਜੰਗ ਦੀਆਂ ਖ਼ਬਰਾਂ ਨਹੀਂ ਘੜਦੇ
ਅਖ਼ਬਾਰਾਂ ਦੇ ਵਾਂਗ ਬੋਲਣਾ
ਹਾਲੀਂ ਤੀਕ ਨਹੀਂ ਮੈਂ ਸਿੱਖਿਆ
ਉਂਞ ਬਰੂਹਾਂ ਵੜਣ ਤੋਂ ਪਹਿਲਾਂ
ਪੈਂਦੀ ਸੱਟੇ
ਬੇਸ਼ਕ ਮੇਰਾ ਪਾੜ ਕੇ ਝੱਗਾ
ਮੇਰੀ ਪਿਠ ਨੂੰ ਵੇਖੇ ਪਰਖੇ
ਉਸ 'ਤੇ ਕੋਈ ਦਾਗ਼ ਨਾ ਹੋਊ