ਅੱਬਾ ਹੁਣ ਤਾਂ ਜੰਗ ਖ਼ਤਮ ਹੈ
ਪਾੜ ਕੇ ਫ਼ੀਤਾ ਲਾਹ ਕੇ ਵਰਦੀ
ਚਿੱਟੇ ਝੱਗੇ ਅੰਦਰ ਨੰਗਾ
ਜਿਸਮ ਮੇਰਾ ਸ਼ਰਮਿੰਦਾ ਹੋ ਕੇ ਸਿਮਟ ਗਿਆ ਹੈ
ਕੁਲ ਹਥਿਆਰ ਅਸਾਂ ਸੁੱਟ ਦਿਤੇ
ਟੁੰਡੇ ਬਾਜ਼ੂ ਟੁੱਟੀ ਟਾਹਣੀ ਵਾਂਗ ਲਮਕਦੇ
ਲਗਦੈ ਮੇਰਾ ਸੱਜਾ ਬਾਜ਼ੂ
ਧੋਤੀ, ਸੁੱਕੀ, ਸੁੰਗੜੀ ਖ਼ਾਲੀ ਆਸਤੀਨ ਹੈ
ਟੰਗਣੇ ਉਪਰ ਟੰਗੀ ਹੋਈ
ਅੱਬਾ ਮੇਰੇ ਖ਼ਤ ਨੂੰ ਪੜ੍ਹ ਕੇ
ਫ਼ੌਰਨ ਧੁਖਦੀ ਚਿਲਮ 'ਤੇ ਰਖ ਕੇ
ਕਰੀਂ ਫਨਾਹ ਫਿੱਲਾ ਬਿਲਕੁਲ ਹੀ
ਕਿਸੇ ਗੁਆਂਢੀ ਨੂੰ ਨਾ ਦੱਸੀਂ
ਤੇਰਾ ਪੁੱਤਰ
ਜੋ ਸਭਨਾਂ ਨੂੰ ਕੁੱਟ ਕੁਟਾ ਕੇ
ਰੋਜ਼ ਸ਼ਾਮ ਨੂੰ ਘਰ ਮੁੜਦਾ ਸੀ
ਗ਼ੈਰ ਇਲਾਕੇ ਦੇ ਵਿਚ ਘਿਰਿਆ
ਅਧ-ਪਚੱਧੇ ਬੰਦਿਆਂ ਹੱਥੋਂ ਪਿਠ ਲੁਆ ਕੇ
ਡੁਸਕ ਰਿਹਾ ਹੈ