ਅੱਬਾ ਹੁਣ ਤਾਂ ਜੰਗ ਖ਼ਤਮ ਹੈ
ਕਸਮ ਖ਼ੁਦਾ ਦੀ
ਜੰਗ ਖ਼ਤਮ ਹੋ ਜਾਣ ਤੋਂ ਪਹਿਲਾਂ
ਜੰਗ ਸ਼ੁਰੂ ਬਿਲਕੁਲ ਨਾ ਹੋਈ
ਅਸੀਂ ਅਜੇ ਸਾਂ ਨਿੱਕੀਆਂ ਨਿੱਕੀਆਂ ਛੇੜਾਂ ਕਰਦੇ
ਗ਼ੈਬੀ ਬਾਜ਼ ਦਾ ਝਪਟਾ ਵੱਜਾ
ਤੇਰੇ ਨਕਸ਼ਾਂ ਉਪਰ ਚਲਦੇ
ਗ਼ੈਰ ਕਬੀਲੇ ਦੀ ਇਕ ਔਰਤ
ਮੈਂ ਵੀ, ਅੱਬਾ, ਅਗ਼ਵਾ ਕੀਤੀ
ਪਰ ਏਥੋਂ ਦੀ ਔਰਤ ਤਾਂ ਅਸਲੋਂ ਨਾਕਸ ਏ
ਸਾਡੇ ਨਾਲ ਉਹ ਦੋ ਰਾਤਾਂ ਵੀ ਜਾਗ ਨ ਸੱਕੀ
ਅਧ ਸ਼ੁਗ਼ਲ ਵਿਚ ਕੂਚ ਕਰ ਗਈ
ਅਸੀਂ ਓਸ ਦੀ ਨੰਗੀ, ਭੋਗੀ, ਲਿਬੜੀ ਮਈਅਤ
ਵਿਚ ਚੁਰਾਹੇ ਸੁੱਟਣ ਚੱਲੇ
ਤਾਂ ਜੁ ਏਥੋਂ ਦੇ ਲੋਕਾਂ ਨੂੰ ਇਬਰਤ ਹੋਵੇ
ਅਜੇ ਕੰਧਿਆਂ ਉਪਰ ਸੀ ਨਾਪਾਕ ਜਨਾਜ਼ਾ
ਜਦੋਂ ਸਿਪਾਹਸਾਲਾਰ ਦਾ ਤਾਬੜ ਹੁਕਮ ਪਹੁੰਚਿਆ
ਜੰਗ ਖ਼ਤਮ ਹੈ
ਸੁੱਟ ਦਿਉ ਹਥਿਆਰ ਤੁਸੀਂ ਜਿੱਥੇ ਕਿੱਥੇ ਹੋ
ਹਥਿਆਰਾਂ ਦੀ ਸੋਟ-ਸੁਟਾਈ ਦੇ ਵਿਚ
ਆਪਣੇ ਕੰਧੇ ਬੈਠੀ
ਮਈਅਤ ਭੁੱਲ ਗਏ
ਅੱਬਾ ਮੇਰੇ ਕੰਧੇ ਉਪਰ
ਲਿਬੜੀ ਲਾਸ਼ ਅਜੇ ਤਕ ਬੈਠੀ
ਹਰਦਮ ਡਰਦੈਂ
ਕਿਸੇ ਵਕਤ ਇਹ ਬੋਲ ਪਵੇਗੀ
ਅੱਬਾ ਮੇਰੀ ਅੰਮਾਂ ਨੂੰ ਇਹ ਗੱਲ ਨ ਦੱਸੀਂ
ਕੀ ਆਖੇਗੀ
ਉਸ ਦਾ ਪੁੱਤਰ
ਗ਼ੈਰ ਕਬੀਲੇ ਦੀ ਇਕ
ਨੰਗੀ ਚਗਲੀ ਔਰਤ
ਅਪਣੇ ਕੰਧੇ ਉਪਰ ਥਾਂ ਥਾਂ ਚੁੱਕੀ ਫਿਰਦੈ ?