ਖ਼ਤ ਵੀ ਚੀਕਾਂ ਮਾਰਦੇ

ਖ਼ਤ ਵੀ ਚੀਕਾਂ ਮਾਰਦੇ ਤਹਿਰੀਰ ਚੀਕਾਂ ਮਾਰਦੀ

ਕੰਧ ਉੱਤੇ ਹਿਜਰ ਦੀ ਤਸਵੀਰ ਚੀਕਾਂ ਮਾਰਦੀ

ਵੇਖ ਕੇ ਮੇਰੇ ਜ਼ਖ਼ਮ ਜੁੱਸੇ ਦੇ ਉੱਤੇ ਦੋਸਤੋ

ਮੇਰੇ ਪੈਰਾਂ ਦੀ ਅਜੇ ਜ਼ੰਜੀਰ ਚੀਕਾਂ ਮਾਰਦੀ

ਨਾਲ ਚਾਵਾਂ ਦੇ ਬੜੇ ਵੇਖੇ ਜੋ ਅੱਖਾਂ ਖ਼ਾਬ ਸਨ

ਰਹਿ ਗਈ ਸਧਰਾਂ ਦੇ ਵਿਚ ਤਾਬੀਰ ਚੀਕਾਂ ਮਾਰਦੀ

ਵਕਤ ਦਾ ਕੈਦੋਂ ਖੜ੍ਹਾ ਅਜ ਵੀ ਫੜ ਕੇ ਡਾਂਗ ਨੂੰ

ਅੱਜ ਵੀ ਰਾਂਝਾ ਰਾਂਝਾ ਕਰਦੀ ਹੀਰ ਚੀਕਾਂ ਮਾਰਦੀ

ਇੰਝ ਚੀਕਾਂ ਮਾਰੀਆਂ ਨੇ ਦਿਲ ਨੇ ਤੇਰੀ ਯਾਦ ਵਿਚ

ਸੂਲ ਉੱਤੇ ਜਿਵੇਂ ਟੰਗੀ ਲੀਰ ਚੀਕਾਂ ਮਾਰਦੀ

ਯਾਰ ਅਰਸ਼ਦ ਸਾਨੂੰ ਤੇ ਅਣਹੋਣੀਆਂ ਨੇ ਖਾ ਲਿਆ

ਹਿੰਮਤਾਂ ਵੀ ਹਰ ਗਈਆਂ, ਤਕਦੀਰ ਚੀਕਾਂ ਮਾਰਦੀ

📝 ਸੋਧ ਲਈ ਭੇਜੋ