ਖ਼ਤ ਲੈ ਜਾ ਡਾਕੀਆ ਵੇ

ਖ਼ਤ ਲੈ ਜਾ ਡਾਕੀਆ ਵੇ, ਸੱਜਣਾ ਨੂੰ  ਫੜਾ ਦੇਣਾ ।

ਉਹਨਾਂ ਆਪੇ ਸਮਝ ਲੈਣਾ, ਚੁੱਕ ਹਿੱਕੜੀ ਲਾ ਲੈਣਾ ।

ਇਹ ਕੋਰਾ ਕਾਗਜ਼ ਹੈ, ਤੂੰ ਖੋਹਲਣ ਨਾ ਲੱਗ ਜੀਂ ।

ਕਿਤੇ ਦਾਗ਼ ਨਾ ਲਾ ਦੇਵੀਂ, ਕਿਤੇ ਮੈਨੂੰ ਨਾ ਠੱਗ ਜੀਂ ।

ਮੇਰੀ ਚਿੱਟੀ ਸਿਆਹੀ ਨੇ, ਉਹਨੂੰ ਸਭ ਸਮਝਾ ਦੇਣਾ ।

ਖ਼ਤ ਲੈ ਜਾ ਡਾਕੀਆ ਵੇ, ਸੱਜਣਾ ਨੂੰ  ਫੜਾ ਦੇਣਾ ।

ਸਾਡੀ ਰੂਹ ਪਿਆਸੀ ਹੈ, ਤੇ ਜੂਹ ਵੀ ਖਾਲੀ ਹੈ ।

ਕਿ ਮੇਰੇ ਸੁੰਨੇ ਬਾਗਾਂ ਦਾ, ਬੱਸ ਉਹ ਹੀ ਮਾਲੀ ਹੈ ।

ਅਸੀਂ ਫੁੱਲਾਂ ਵਰਗੇ ਹਾਂ, ਨਾਲ ਤਰੇਲਾਂ ਨਹਾਉਂਦੇ ਹਾਂ ।

ਉਸਦਾ ਨਾਂ ਜਪਦੇ ਹਾਂ, ਤੇ ਉਸ ਨੂੰ  ਚਾਹੁੰਦੇ ਹਾਂ ।

ਉਹਦੀ ਥਾਂ ਨਹੀ ਕਿਸੇ ਲਈ, ਉਸ ਲੇਖਾ ਲਾ ਲੈਣਾ ।

ਖ਼ਤ ਲੈ ਜਾ ਡਾਕੀਆ ਵੇ, ਸੱਜਣਾ ਨੂੰ  ਫੜਾ ਦੇਣਾ ।

ਟੁੱਟ ਡਿੱਗੇ ਖ਼ਾਬ ਮੇਰੇ, ਡਾਕੂਆਂ ਦੀ ਨਜ਼ਰ ਚੜ੍ਹੇ ।

ਅਸੀਂ ਬੋਚ ਬੋਚ ਰੱਖਦੇ, ਤੇਰੇ ਨਾਮ ਦੋ ਨੈਣ ਕਰੇ ।

ਗਿਰਝਾਂ ਦੀਆਂ ਡਾਰਾਂ ਨੇ, ਮਾਸ ਨੋਚਣ ਨੂੰ  ਆਈਆਂ ।

ਤੇਰੀ ਸਰਬ ਪਿਆਰੀ ਵੱਲ, ਵੇਖਣ ਉਹ ਤਰਹਾਈਆਂ ।

ਮੰਝਧਾਰ 'ਚ ਡੁੱਬਦਿਆਂ ਦੀ, ਉਸ ਬੇੜੀ ਬੰਨੇ ਲਾ ਦੇਣਾ ।

ਖ਼ਤ ਲੈ ਜਾ ਡਾਕੀਆ ਵੇ, ਸੱਜਣਾ ਨੂੰ  ਫੜ੍ਹਾ ਦੇਣਾ ।

📝 ਸੋਧ ਲਈ ਭੇਜੋ