ਖ਼ੌਰੇ ਕਿਹੜੇ ਸੱਪ ਨੇ ਡੰਗੀਆਂ ਹੋਈਆਂ ਨੇ
ਕਈ ਜੀਭਾਂ ਤੇ ਹੱਦੋਂ ਲੰਘੀਆਂ ਹੋਈਆਂ ਨੇ
ਪਿੰਡ ਦੀ ਚੌਧਰ ਅੰਨ੍ਹੀ ਹੋਈ ਫਿਰਦੀ ਏ
ਇੰਜ ਲੱਗਦਾ ਜਿਉਂ ਫ਼ਸਲਾਂ ਚੰਗੀਆਂ ਹੋਈਆਂ ਨੇ
ਪੂਰੇ ਸ਼ਹਿਰ ਤੇ ਕਾਲ਼ਕ ਹੱਸਦੀ ਫਿਰਦੀ ਏ
ਜਿਹੜੇ ਦਿਨ ਤੋਂ ਚਿੱਟੀਆਂ ਨੰਗੀਆਂ ਹੋਈਆਂ ਨੇ
ਉਂਝ ਤਸਵੀਰਾਂ ਰਹਿਣ ਕਿਉਂ ਨਈਂ ਦੇਂਦੇ ਓ
ਰੰਗਣ ਵਾਲ਼ੇ ਜਿਸਰਾਂ ਰੰਗੀਆਂ ਹੋਈਆਂ ਨੇ
ਉੱਥੇ ਕੋਈ ਦੱਸੋ ਖਾਂ ਕੀ ਸੋਚੇਗਾ
ਜਿੱਥੇ ਸੋਚਾਂ ਮੰਗੀਆਂ ਤੰਗੀਆਂ ਹੋਈਆਂ ਨੇ
ਜੇ ਲੰਘੇ ਤਾਂ ਸਮਝ ਲਈਂ ਘਰ ਕੀਹਦਾ ਏ
ਜਿਸ ਬੂਹੇ ਵਿਚ ਅੱਖਾਂ ਟੰਗੀਆਂ ਹੋਈਆਂ ਨੇ
ਚਾਨਣ ‘ਸੰਧੂ’ ਆ ਗਏ ਨੇ ਹੱਥ 'ਨ੍ਹੇਰੇ ਦੇ
ਛਾਂਵਾਂ ਧੁੱਪਾਂ ਵੱਲੇ ਮੰਗੀਆਂ ਹੋਈਆਂ ਨੇ