ਖ਼ੌਰੇ ਕੀ ਕੀ ਪੁੱਠੇ ਸਿੱਧੇ ਸਬਕ

ਖ਼ੌਰੇ ਕੀ ਕੀ ਪੁੱਠੇ ਸਿੱਧੇ ਸਬਕ ਪੜ੍ਹਾ ਕੇ ਅੱਖੀਆਂ ਨੂੰ 

ਮੇਰੇ ਕੰਮੋਂ ਰੱਖਿਆ ਈ ਨਾ ਪਿਆਰ ਸਿਖਾ ਕੇ ਅੱਖੀਆਂ ਨੂੰ 

ਜਿਹੜੇ ਦਿਨ ਤੋਂ ਤੱਕਿਆ ਏ ਮੈਂ ਤੇਰੇ ਮੁੱਖ ਦੀ ਜੰਨਤ ਨੂੰ 

ਉਸੇ ਦਿਨ ਤੋਂ ਲਈ ਫਿਰਨਾ ਵਾਂ ਵਲ਼ ਵਲ਼ਾ ਕੇ ਅੱਖੀਆਂ ਨੂੰ 

ਓਦੋਂ ਈ ਤੇ ਉਮਰਾਂ ਭਰ ਦੇ ਸੁਫ਼ਨੇ ਲੁੱਟੇ ਜਾਂਦੇ ਨੇ 

ਸੌਂ ਜਾਂਦੇ ਜਿਸ ਵੇਲ਼ੇ ਲੋਕੀਂ ਜਿੰਦੇ ਲਾ ਕੇ ਅੱਖੀਆਂ ਨੂੰ 

ਇਨ੍ਹਾਂ ਢੇਰ ਉਦਾਸੀ ਬਾਰੇ ਫਿਰ ਵੀ ਕੁਝ ਨਈਂ ਦੱਸਿਆ 

ਕਿੰਨੀ ਵਾਰੀਂ ਪੁੱਛਿਆ ਵੀ ਏ ਮੈਂ ਵਰਚਾ ਕੇ ਅੱਖੀਆਂ ਨੂੰ

ਜ਼ਿਦਲ ਜਿਹੀਆਂ ਭੁੱਲੀਆਂ ਈ ਨਈਂ ਅੱਜ ਤੱਕ ਚੰਨ ਜਿਹੇ ਮੁੱਖੜੇ ਨੂੰ 

ਸੌ ਸੌ ਵਾਰੀ ਵੇਖ ਲਿਆ ਏ ਮੈਂ ਸਮਝਾ ਕੇ ਅੱਖੀਆਂ ਨੂੰ

ਰੱਬ ਦੀ ਕਸਮੇਂ ਜਦ ਕਦੀ ਜੇ ਝੱਲੀਆਂ ਰੁੱਸ ਵੀ ਜਾਵਣ ਤੇ 

ਪੈਂਦਾ ਫੇਰ ਮਨਾਉਣਾ ਤੇਰੀ ਗੱਲ ਸੁਣਾ ਕੇ ਅੱਖੀਆਂ ਨੂੰ 

ਪਿੱਛੇ ਕਿਧਰੇ ਛੱਡ ਆਉਂਦਾ ਤੇ ਕਿੰਨਾ ਚੰਗਾ ਰਹਿੰਦਾ ਮੈਂ 

ਇੰਜ ਨਾ ਆਪ ਗਵਾਉਂਦਾ ਤੇਰੇ ਕੋਲ਼ ਲਿਆ ਕੇ ਅੱਖੀਆਂ ਨੂੰ

ਜਿੰਨੇ ‘ਸੰਧੂ’ ਅੱਖਾਂ ਦੀ ਏ ਭੈੜੀ ਹਾਲਤ ਕੀਤੀ ਏ 

ਲੰਘ ਗਿਆ ਏ ਕੋਲ਼ੋਂ ਅੱਜ ਉਹ ਆਪ ਘੁਮਾ ਕੇ ਅੱਖੀਆਂ ਨੂੰ

📝 ਸੋਧ ਲਈ ਭੇਜੋ