ਖ਼ੌਰੇ ਸੀਨੇ ਦੇ ਵਿੱਚ ਕਿੰਨੀਆਂ

ਖ਼ੌਰੇ ਸੀਨੇ ਦੇ ਵਿੱਚ ਕਿੰਨੀਆਂ, ਸੱਧਰਾਂ ਡਲ੍ਹਕਾਂ ਮਾਰ ਦੀਆਂ

ਗੱਲ ਤੇ ਕਰਨੀ ਆਉਂਦੀ ਪਰ, ਜੁਰਤਾਂ ਨਹੀਂ ਇਜ਼ਹਾਰ ਦੀਆਂ

ਮੇਰੀ ਆਸ ਦੀ ਸੱਸੀ-ਸ਼ੋਹਦੀ, ਥਲ ਵਿੱਚ ਭੁੱਲੀਂ ਪੈ ਗਈ ਏ,

ਨੇੜੇ ਨੇੜੇ ਨਜ਼ਰ ਨਾ ਆਈਆਂ, ਝੋਕਾਂ ਪੁੰਨੂ ਯਾਰ ਦੀਆਂ

ਅੰਦਰੋਂ ਅੰਦਰੀਂ ਮੇਰੇ ਦਿਲ ਦੇ, ਟੁਕੜੇ ਹੁੰਦੇ ਜਾਂਦੇ ਨੇ,

ਲਫ਼ਜ਼ਾਂ ਦੇ ਵਿੱਚ ਕਿਥੋਂ ਆਈਆਂ, ਤਾਸੀਰਾਂ ਤਲਵਾਰ ਦੀਆਂ

ਹਿਰਸ ਹਵਾ ਦੇ ਪਿੰਜਰੇ ਅੰਦਰ, ਜਿਹੜਾ ਵੀ ਫਸ ਜਾਂਦਾ ਏ,

ਉਹਨੂੰ ਕਦੀ ਨਸੀਬ ਨਾ ਹੋਈਆਂ, ਰੁੱਤਾਂ ਮਸਤ ਬਹਾਰ ਦੀਆਂ

ਹੱਕ ਦੀ ਖ਼ਾਤਰ ਮਰ-ਮਿਟ ਜਾਣਾ, ਰੀਤ-ਰਵਸ ਮਨਸੂਰਾਂ ਦੀ,

ਭਾਵੇਂ ਰੋਜ਼ ਡਰਾਵਣ ਪਈਆਂ, ਝੱਲੀਆਂ ਰਸਮਾਂ 'ਦਾਰ' ਦੀਆਂ

ਅੱਜ ਬਾਜ਼ਾਰੋਂ ਲੰਘਦੇ ਵੇਲੇ, 'ਸਾਬਰ' ਸੀਨਾ ਪਾਟ ਗਿਆ,

ਕੌਡੀ ਦੇ ਮੁੱਲ ਵਿਕ ਰਹੀਆਂ ਸਨ, 'ਸੋਚਾਂ' ਇਕ 'ਫ਼ਨਕਾਰ' ਦੀਆਂ

📝 ਸੋਧ ਲਈ ਭੇਜੋ