ਇਹ ਚਾਲ ਕੋਈ ਕਿਸਮਤ ਦੀ, ਜਾਂ ਲੇਖਾਂ ਦੇ ਦੇਣੇ ਨੇ।

ਕਾਰਨ ਕੀ ਪੁੱਛਦੇ ਹੋ, ਹਰ ਇਕ ਨੇ ਸਹਿਣੇ ਨੇ॥

ਇਹ ਸਾਥੀ ਪਿਆਰੇ ਜੋ, ਇਹ ਯਾਰ ਜੋ ਜੁੰਡੀ ਦੇ।

ਇੱਕ ਇੱਕ ਕਰ ਤੁਰ ਜਾਣੇ, ਇਥੇ ਸਦਾ ਨਾ ਰਹਿਣੇ ਨੇ॥

ਬੁੱਤਾਂ ਦੀਆ ਲੋੜਾਂ ਨੇ, ਕੀ ਸਾਂਝ ਹੈ ਰੂਹਾਂ ਦੀ।

ਬੱਸ ਪੰਧ ਮੁਕਾਵਣ ਲਈ, ਇਹ ਲੈਣੇ ਦੇਣੇ ਨੇ॥

ਕੀ ਗੱਲ ਹੈ ਰੁਤਬੇ ਦੀ, ਇੱਜਤਾਂ ਦਾ ਰੋਣਾ ਕੀ।

ਇਹ ਮਹਿਲ ਗਰੂਰਾਂ ਦੇ, ਇੱਕ ਪਲ ਵਿੱਚ ਢਹਿਣੇ ਨੇ॥

ਜਾ ਯਾਰ ਮਨਾ ਲਈਏ, ਥੋੜਾ ਸੁੱਖ ਦਾ ਸਾਹ ਲਈਏ।

ਉਹਦੀ ਰਹਿਮਤ ਜੇ ਹੋ ਜੇ, ਤਾਂ ਫੇਰ ਕੀ ਕਹਿਣੇ ਨੇ॥

ਮੇਰਾ ਟੀਚਾ ਤੂੰ ਹੀ ਹੈਂ, ਮੈਂ ਤੈਨੂੰ ਮਿੱਥ ਬੈਠੀ।

ਬਿਨ ਤੇਰੇ ਤੱਤੜੀ ਨੂੰ , ਉਮਰਾਂ ਦੇ ਮੇਹਣੇ ਨੇ॥

"ਮੰਡੇਰ" ਤਾਂ ਕੱਠਪੁਤਲੀ, ਹੱਥ ਡੋਰਾਂ ਮਾਲਕ ਦੇ।

ਖਿੱਚਦਾ ਤਾਂ ਨੱਚਦਾ ਹੈ, ਛੱਡਦਾ ਤਾਂ ਰੋਂਦਾ ਹੈ।

ਏਹ ਖੇਡ ਕਲੰਦਰ ਦੀ, ਬੱਸ ਓਨਾਂ ਚਿਰ ਯਾਰੋ।

ਇਸ ਮਾਸ ਦੇ ਪਿੰਜਰ ਚ, ਸਾਹ ਜਦ ਤੱਕ ਰਹਿਣੇ ਨੇ॥

📝 ਸੋਧ ਲਈ ਭੇਜੋ