ਖੇਡ ਲੈ ਮੇਰੀਏ ਭੋਲੀਏ ਧੀਏ,
ਖੇਡ ਲੈ ਗੁੱਡੀਆਂ ਨਾਲ ।
ਆਪਣੀਆਂ ਜ਼ਿੱਦਾਂ ਅੜੀਆਂ ਵੀ ਮੰਨਵਾ ਲੈ ਚਾਰ ਦਿਹਾੜੇ ।
ਤੇਰਾ ਰਾਹ ਮੱਲ ਬੈਠੇ ਹੋਏ ਨੇ ਕਿੰਨੇ ਵਖ਼ਤ ਪੁਆੜੇ ।
ਕਿੰਨੇ ਲੈ ਦੁਖ ਜੰਜਾਲ ।
ਖੇਡ ਲੈ ਗੁੱਡੀਆਂ ਨਾਲ ।
ਖੇਡ ਲੈ, ਖੇਡ ਲੈ ਛੇਤੀ ਛੇਤੀ ਖੇਡ ਲੈ ਗੁੱਡੀਆਂ ਨਾਲ ।
ਮੈਨੂੰ ਡਰ ਹੈ ਤੇਰਿਆਂ ਹਾਸਿਆਂ ਝੱਬਦੇ ਈ ਝੌਂ ਜਾਣੈਂ ।
ਅੱਖ ਉਘੇੜਨੋਂ ਪਹਿਲਾਂ ਤੇਰੀਆਂ ਸਧਰਾਂ ਨੇ ਸੌਂ ਜਾਣੈਂ ।
ਖੱਖਰ ਵਾਂਙੂ ਛਿੜ ਕੇ ਤੈਨੂੰ ਸੋਚਾਂ ਵਢ ਵਢ ਖਾਣੈਂ ।
ਛਿੱਥਿਆਂ ਸੌੜਾਂ ਤੋਂ ਪੈ ਪੈ ਕੇ ਤੂੰ ਕੁਰਲਾਣੈਂ ।
ਵਗਦੀਆਂ ਨੇ ਇਸ ਜੂਹ ਵਿਚ ਧੀਏ ਤੱਤੀਆਂ ਤੱਤੀਆਂ ਲੋਆਂ ।
ਇਕ ਦੋ ਹੋਣ ਤੇ ਦੱਸਾਂ ਬੁਝਾਂ ਕਿਹੜੀ ਕਿਹੜੀ ਫੋਲਾਂ ।
ਕੋਈ ਕਿਸੇ ਦੀ ਸੁਣਦਾ ਨਾਹੀਂ ਏਥੇ ਕੂਕ ਰਵਾਲ ।
ਅੰਨ੍ਹੇ ਰਾਜੇ ਦੀ ਨਗਰੀ ਉਂਜ ਹਰ ਕੋਈ ਕੁਤਵਾਲ ।
ਵਿਹਲ ਦੇ ਇਹ ਚਾਰ ਦਿਹਾੜੇ ਖੇਡ ਲੈ ਗੁੱਡੀਆਂ ਨਾਲ ।
ਔਰਤ ਜ਼ਾਤ-ਇਹ ਬਿਖੜਾ ਪੈਂਡਾ,
ਥਾਂ ਥਾਂ ਟਿੱਬੇ ਟੋਏ ।
ਥਾਂ ਥਾਂ ਕੰਡੇ ਬੀਜੇ ਹੋਏ ।
ਤੇਰੀ ਬੇਫਿਕਰੀ ਦੇ ਲੀੜੇ ਹੋਸਣ ਲੀਰਾਂ ਲੀਰਾਂ ।
ਪਰ ਉਹ ਵੇਲਾ ਯਾਦ ਆਉਣਾ ਏਂ ਆ ਜਾਣਾ ਏਂ ।
ਅਜ ਕਿਉਂ ਚਿੰਤਾ ਕਰੀਏ ।
ਅਜ ਕਿਉਂ ਹੌਕੇ ਭਰੀਏ ?
ਖੌਰੇ ਓਸ ਵੇਲੇ ਨੂੰ ਸਾਡੀਆਂ ਪਰਤਣ ਚਾ ਤਕਦੀਰਾਂ
ਬਦਲਣ ਜੀਵਨ ਚਾਲੇ,
ਇਸ ਕਰ ਕੇ,
ਤੂੰ ਲੰਮੀਆਂ ਸੋਚਾਂ ਲਾਂਭੇ ਧਰ ਕੇ ।
ਖੇਡ ਲੈ ਮੇਰੀਏ ਭੋਲੀਏ ਧੀਏ,
ਖੇਡ ਲੈ ਗੁੱਡੀਆਂ ਨਾਲ ।